ਤਰ੍ਹਾਂ ਇਨਸਾਨੀ ਵਲਵਲਿਆਂ ਵਿਚ ਵੀ ਉਛਾਲ ਤੇ ਉਬਾਲ ਆਉਂਦੇ ਹਨ। ਜਿਵੇਂ - ਮਾਂ ਦੇ ਹਿਰਦੇ ਵਿਚ ਆਪਣੇ ਬੱਚੇ ਲਈ ਸਹਿਜ-ਸੁਭਾਇ ਇਕ ਪਿਆਰ ਦੀ ਰੋਂ ਰਵਿ ਰਹੀ ਹੁੰਦੀ ਹੈ ਪਰ ਕਦੇ-ਕਦੇ ਬੱਚੇ ਦੇ ਵਿਛੋੜੇ ਵਿਚ ਪਿਆਰ ਦੇ ਵਲਵਲੇ ਵੈਰਾਗ ਰੂਪ ਧਾਰ ਕੇ ਅੱਖਾਂ ਵਿਚੋਂ ਵਗ ਤੁਰਦੇ ਹਨ। ਇਸੇ ਤਰ੍ਹਾਂ ਜਦੋਂ ਬੱਚਾ ਭੋਲੇ-ਭਾਇ ਕਿਸੇ ਪਿਆਰ-ਮਈ ਹਰਕਤ ਨਾਲ ਮਾਂ ਨੂੰ ਰਿਝਾ ਲੈਂਦਾ ਹੈ ਤਾਂ ਮਾਂ ਦੇ ਹਿਰਦੇ ਵਿਚ ਭੀ ਬੱਚੇ ਲਈ ਅਸਾਧਾਰਨ ਪਿਆਰ ਉਮੱਡ ਆਉਂਦਾ ਹੈ ਤੇ ਇਸ ਤੀਬਰ ਮਾਂ-ਪਿਆਰ ਦੇ ਵਲਵਲਿਆਂ ਦੇ ਉਛਾਲ ਵਿਚ ਮਾਂ ਦਾ ਸਾਰਾ ਆਪਾ, ਜੁੱਸਾ ਪਿਘਲ ਕੇ, ਉਬਲ ਕੇ ਉਸ ਦੀਆਂ ਅਸਾਧਾਰਨ ਹਰਕਤਾਂ ਵਿਚ ਜ਼ਾਹਰ ਹੁੰਦਾ ਹੈ ਤੇ ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਕਰਦੀ, ਖਿਡਾਉਂਦੀ ਹੋਈ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਸਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿਚੋਂ ਬੱਚੇ ਲਈ ਅਨੇਕਾਂ ਸ਼ੁਭ ਇਛਾਵਾਂ ਤੇ ਅਸੀਸਾਂ ਸਹਿਜੇ ਹੀ ਫੁਟ ਨਿਕਲਦੀਆਂ ਹਨ। ਮਾਂ ਦਾ ਖੂਨ ਤੇ ਸਾਰਾ ਜੁੱਸਾ, ਪਿਆਰ-ਨਿੱਘ ਨਾਲ ਪਿਘਲ ਕੇ, ‘ਦੁੱਧ’ ਦੇ ਰੂਪ ਵਿਚ ਬਦਲ ਕੇ, ਉਸਦੀਆਂ ਛਾਤੀਆਂ ਵਿਚ ਭਰਕੇ ਉਛਲ ਕੇ ਵਗ ਟੁਰਦਾ ਹੈ ਇਹ ਸਾਰੀ ਖੇਲ ਮਾਂ-ਪਿਆਰ ਦੇ ਪ੍ਰੇਮ-ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਯਾ ਜਾਦੂ ਹੈ। ਇਸ ਤਰ੍ਹਾਂ ਇਹ ਗੈਰ-ਮਾਮੂਲੀ ਕੁਦਰਤ ਦੇ ਤਰੰਗ ਯਾ ਉਛਾਲ ਕਈ ਵਾਰੀ ਸਾਧਾਰਨ ਕੁਦਰਤੀ ਨਿਯਮਾਂ ਤੋਂ ਬਾਹਰ ਹੋ ਵਰਤਦੇ ਹਨ।
ਐਨ ਏਸੇ ਤਰ੍ਹਾਂ, ਰੱਬ ਦੇ ਭਗਤ ਯਾ ‘ਪਿਆਰੇ’, ਜਦ ਕਦੇ ਭੋਲੇ-ਭਾਇ ‘ਰੱਬੀ ਪਿਆਰ’ ਵਿਚ ਮਤਵਾਲੇ ਹੋ ਕੇ, ਸ਼ਰਧਾ ਭਾਵਨੀ ਦੀ ਤੀਬਰਤਾ ਵਿਚ ਸਹਿਜ-ਸੁਭਾਇ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ‘ਪਿਆਰੇ ਭਗਤ’ ਦੇ ਅਨੋਖੇ, ਭੋਲੇ -ਭਾਇ ਪ੍ਰੇਮ-ਭਾਵਨਾ ਦੇ ਜਵਾਬ (response) ਵਿਚ, ਪ੍ਰਮੇਸ਼ਰ ਭੀ ਆਪਣੇ ‘ਪਿਆਰੇ ਭਗਤ’ ਤੇ ਰੀਝ ਕੇ ਉਛਲਦਾ ਹੈ ਤਾਂ ਆਪਣੇ ਦਰੋਂ-ਘਰੋਂ ਇਲਾਹੀ ਦਾਤਾਂ - ‘ਨਾਮ’, ‘ਪ੍ਰਿਮ ਪਿਆਲਾ’, ਅਤੇ ‘ਸੇਵਾ’ ਆਦਿ ਤੇ ਹੋਰ ਅਨੇਕਾਂ ਮੂੰਹ-ਮੰਗੀਆਂ ਦਾਤਾਂ ਦੇ ਗੱਫੇ ਬਖਸ਼ਦਾ ਹੈ ਜਿਸ ਨੂੰ ਗੁਰਬਾਣੀ ਵਿਚ ਗੁਰ ਪ੍ਰਸਾਦਿ ਅਥਵਾ ‘ਨਦਰਿ ਕਰਮ’ ਕਿਹਾ ਗਿਆ ਹੈ, ਤੇ ਜਿਸ ਦੀਆਂ ਸਿਖਾਂ ਦੇ ਧਾਰਮਿਕ ਇਤਿਹਾਸ ਵਿਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ।
ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ।(ਕ. ਭਾ. ਗੁ. 111)
ਇਥੇ ਇਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ, ਬੱਚੇ ਲਈ ਪਿਆਰ ਦੀ ਭਾਵਨਾ, ਦੁਨਿਆਵੀ ‘ਮਾਂ’ ਦੇ ਤਨ-ਮਨ ਵਿਚ ਰਚੀ ਹੁੰਦੀ ਹੈ ਤੇ ਉਸ ਦੇ ਹਰ ਕਿਸਮ ਦੇ ਖਿਆਲਾਂ, ਸੋਚਣੀ ਤੇ ਕਾਰਜਾਂ ਵਿਚ ਉਸ ਦੀ ਇਹ ‘ਪਿਆਰ ਭਾਵਨਾ’, ਆਪ ਮੁਹਾਰੇ ਉਪਜਦੀ ਤੇ ਰੁਮਕਦੀ ਹੋਈ ਸਹਿਜ-ਸੁਭਾਇ ਹੀ ਹਰਕਤ ਵਿਚ ਆਉਂਦੀ ਹੈ। ਇਸੇ ਤਰ੍ਹਾਂ ‘ਪਿਆਰ-ਰੌਂ’ ਜਾਂ ਬਖਸ਼ਿਸ਼ ਜਾਂ ‘ਗੁਰਪ੍ਰਸਾਦਿ’ ਸਦੀਵੀ, ਅਟੁੱਟ, ਅਮੁੱਕ ਅਤੇ ਲਗਾਤਾਰੀ ਹੈ ਜੋ ‘ਇਲਾਹੀ ਮਾਤਾ-ਪਿਤਾ’ ਦੀ ਹੋਂਦ ਵਿਚੋਂ ਉਮਡ ਕੇ, ਉਛਲ ਕੇ ਅਤੇ ਪ੍ਰਕਾਸ਼ਤ ਹੋ ਕੇ ਕਾਇਨਾਤ ਦੀ