ਹਰ ਸ਼ੈ ਦੇ ਜ਼ੱਰੇ-ਜ਼ੱਰੇ ਵਿਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਕੇ ਸਗਲ ਜੀਆਂ ਨੂੰ ‘ਜੀਅ-ਦਾਨ’ ਦਿੰਦਾ ਹੈ।
ਬਇਸ ਲਗਾਤਾਰ ‘ਪ੍ਰੇਮ-ਰੌਂ’ ਦੇ ਵੇਗ (flow) ਦਾ ਨਾਉਂ ਹੀ ‘ਗੁਰਪ੍ਰਸਾਦਿ’ ਹੈ।
ਇਸ ਦੀ ‘ਰਵਾਨਗੀ’ ਨੂੰ ਹੀ ‘ਹੁਕਮ’ ਕਿਹਾ ਗਿਆ ਹੈ।
ਇਸ ਇਲਾਹੀ ‘ਜੀਵਨ-ਰੌਂ’ ਦੀ ਚਾਲ ‘ਜੀਵ’ ਵਿਚ ਉਨ੍ਹਾਂ ਚਿਰ ਵਗਦੀ ਰਹਿੰਦੀ ਹੈ ਜਿਨ੍ਹਾਂ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿਚ ਸਿਆਣਪ ਅਥਵਾ ਹਉਮੈ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਅਸੀਂ ਉਨ੍ਹਾਂ ਚਿਰ ਨਿਘ ਲੈ ਸਕਦੇ ਹਾਂ ਜਦ ਤਕ ਸੂਰਜ ਦੀ ‘ਹੋਂਦ’ ਤੋਂ ‘ਓਹਲੇ’ ਨਾ ਹੋਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ‘ਵਾਂਝੇ’ ਹੁੰਦੇ ਹਾਂ ਤਾਂ ਇਸ ਵਿਚ ਸਾਡੀ ਆਪਣੀ ਅਣਗਹਿਲੀ ਹੈ-ਨਾ ਕਿ ਸੂਰਜ ਦੀ। ਜਦ ‘ਜੀਵ’ ਪ੍ਰਮੇਸ਼ਰ ਨੂੰ ‘ਭੁੱਲ’ ਕੇ ਬੇਮੁੱਖ ਹੋ ਜਾਂਦੇ ਹਨ ਤਾਂ ਇਲਾਹੀ ਬਖਸ਼ਿਸ਼ ਜਾਂ ‘ਗੁਰਪ੍ਰਸਾਦਿ’ ਦੀ ਰਵਾਨਗੀ ਵਿਚ ਵਿਘਨ ਪੈ ਜਾਂਦਾ ਹੈ ਤਾਂ ਜੀਵ ਇਲਾਹੀ ‘ਬਖਸ਼ਿਸ਼’ ਤੋਂ ਵਾਂਝਿਆ ਹੋ ਜਾਂਦਾ ਹੈ ਤੇ ਆਪ ਹੁਦਰੇ ਜਾਂ ਭੁੱਲੇ ਹੋਏ ਬੱਚੇ ਵਾਂਗ ‘ਗੁਰਪ੍ਰਸਾਦਿ’ ਦੀ ਫੁਹਾਰ ਦੀ ਠੰਡਕ ਤੋਂ ਸਖਣੇ ਹੋ ਕੇ ਮਾਇਆ ਦੇ ਅਧੀਨ ‘ਜੋ ਮੈ ਕੀਆ ਸੋ ਮੈ ਪਾਇਆ’ ਅਨੁਸਾਰ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ।
ਇਥੇ ਸਾਰੀ ਗੱਲ ਦਾ ਨਿਬੇੜ ਸਾਡੀ ‘ਭੁੱਲ’ ਵਿਚ ਜਾਂ ਸਾਡੀ ‘ਯਾਦ’ ਵਿਚ ਹੈ। ਜਦੋਂ ਅਸੀਂ ਆਪਣੀ ‘ਇਲਾਹੀ ਮਾਤਾ’ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪ ਹੀ ਗੁਰਪ੍ਰਸਾਦਿ ਦੀ ਰਵਾਨਗੀ ਵਿਚ ਵਿਘਨ ਪਾ ਦਿੰਦੇ ਹਾਂ ਤੇ ਗੁਰਪ੍ਰਸਾਦਿ ਤੋਂ ਆਪਣੇ ਆਪ ਹੀ ਸੱਖਣੇ ਹੋ ਜਾਂਦੇ ਹਾਂ। ਜੇ ਫਿਰ ਅਸੀਂ ‘ਭੁੱਲ’ ਵਿਚੋਂ ਨਿਕਲ ਕੇ, ‘ਇਲਾਹੀ ਮਾਤਾ’ ਦੀ ‘ਯਾਦ ਜਾਂ ਸਿਮਰਨ’ ਵਿਚ ਲਗ ਜਾਈਏ ਤਾਂ ਸਾਡੇ ਮਨ ਦੀ ਡੋਰ, ਇਲਾਹੀ ਰਵਾਨਗੀ ਨਾਲ ਜੁੜ ਜਾਏਗੀ ਤੇ ਅਸੀਂ ਮੁੜ ‘ਗੁਰਪ੍ਰਸਾਦਿ’ ਦੀ ਛਤਰ-ਛਾਇਆ ਹੇਠ ਇਲਾਹੀ ਪਿਆਰ ਮਾਣ ਸਕਾਂਗੇ।
ਭੁਖ ਵਿਆਪੈ ਬਹੁਬਿਧਿ ਧਾਵੈ ॥(ਪੰਨਾ-98)
ਏਸੇ ਕਰਕੇ ਸੁਖਮਨੀ ਸਾਹਿਬ ਵਿਚ ਪੰਜਵੇਂ ਪਾਤਸ਼ਾਹ ਨੇ ਇਹ ਉਪਦੇਸ਼ ਦਿਤੇ ਹਨ -
ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥.....
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥