ਕਰਤਵ ਤੇ ਆਧਾਰਤ ਨਹੀਂ ਹੈ। ਇਹ ਤਾਂ ‘ਪ੍ਰੇਮ ਸਰੂਪ’ ਪ੍ਰਮੇਸ਼ਰ ਦੀ ਹੋਂਦ ਵਿਚੋਂ ਖੁਸ਼ਬੋ ਦੀ ਤਰ੍ਹਾਂ ਸਹਿਜ-ਸੁਭਾ, ਆਪ-ਮੁਹਾਰੇ ਹੀ ਸਦੀਵੀ ਤੌਰ ਤੇ ਉਪਜ, ਉਮਡ ਤੇ ਪ੍ਰਕਾਸ਼ ਹੋ ਰਹੀ ਹੈ ਅਤੇ ‘ਗੁਰ ਪ੍ਰਸਾਦਿ’ ਕਾਨੂੰਨ ਬੱਧ ਨਹੀਂ ਹੈ ਤੇ ਨਾ ਹੀ ਇਸ ਲਈ ਕੋਈ ਸ਼ਰਤ ਹੈ। ਇਹ ਤਾਂ ਪ੍ਰਮੇਸ਼ਰ ਦਾ ਸਹਿਜ-ਸੁਭਾਇ ਸਦੀਵੀ, ਅਟੱਲ, ਅਮੁੱਕ ਪ੍ਰਕਾਸ਼ ਹੈ, ‘ਮਹਿਕ’ ਹੈ, ਦਾਤ ਹੈ, ਜੋ ਕਿਸੇ ਗੱਲੋਂ ਨਾ ਵਧਦੀ ਹੈ ਤੇ ਨਾ ਘਟਦੀ ਹੈ, ਜਿਸ ਤਰ੍ਹਾਂ ਸੂਰਜ ਦੀ ਪ੍ਰਕਾਸ਼ ਮਈ ਧੁੱਪ! ਇਸ ਲਾਭਦਾਇਕ ਤੇ ਸੁੱਖਦਾਇਕ ਧੁੱਪ ਲਈ ਨਾ ਅਸੀਂ ਕਦੇ ਮੰਗ ਕੀਤੀ ਹੈ, ਨਾ ਉਦਮ, ਨਾ ਘਾਲਣਾ, ਇਹ ਤਾਂ ਸਗੋਂ ਸਹਿਜ-ਸੁਭਾਏ, ਆਪ-ਮੁਹਾਰੇ ਸਦੀਵੀ ਸਾਨੂੰ ਮਿਲ ਰਹੀ ਹੈ। ਇਸ ਲਈ ਇਹ ਨਿਰੋਲ ਪ੍ਰਮੇਸ਼ਰ ਦੀ ਬਖਸ਼ਿਸ਼ ਜਾਂ ‘ਪ੍ਰਸਾਦਿ’ ਹੈ।
ਇਸੇ ਤਰ੍ਹਾਂ ਸਾਨੂੰ ਅਣਮੰਗਿਆਂ ਹੀ ਹੋਰ ਅਨੇਕਾਂ ‘ਪਿਆਰ ਦਾਤਾਂ’ ਪ੍ਰਮੇਸ਼ਰ ਦਾਤੇ ਵਲੋਂ ਸਦੀਵੀ ਮਿਲ ਰਹੀਆਂ ਹਨ, ਜਿਸ ਤਰ੍ਹਾਂ ਕਿ-ਹਵਾ, ਪਾਣੀ, ਅੱਗ, ਅਨਾਜ, ਫਲ ਆਦਿ। ਅਸਚਰਜਤਾ ਇਸ ਗੱਲ ਦੀ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਹੀ ਇਹ ਸਾਰੀਆਂ ਬੇਅੰਤ ਅਣਮੰਗੀਆਂ ਇਲਾਹੀ ਦਾਤਾਂ ਵੀ ਅਕਾਲਪੁਰਖ ਨੇ ਸਾਡੇ ਲਈ ਬਹੁਲਤਾ ਵਿਚ ਬਖਸ਼ ਦਿਤੀਆਂ ਹਨ ਤੇ ਇਨ੍ਹਾਂ ਦੇ ਸਦੀਵੀ ਮਿਲਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਮੈ ਰਾਤਿ ਦਿਹੈ ਵਡਿਆਈਆਂ ॥
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥(ਪੰਨਾ-73)
ਸਭ ਜੀਵਾਂ ਵਿਚ ਅਕਾਲ ਪੁਰਖ ਦੀ ‘ਜੋਤ’ ਹੋਣ ਕਾਰਨ ਅਸੀਂ ਪ੍ਰਮੇਸ਼ਰ ਦੀ ‘ਅੰਸ਼’ ਹਾਂ ਤੇ ਅਕਾਲ ਪੁਰਖ ਨੇ ਆਪਣੇ ‘ਇਕ ਕਵਾਉ’ ਦੁਆਰਾ ਬੇਅੰਤ ਅਤੇ ਭਿੰਨ-ਭਿੰਨ ਰੰਗਾਂ-ਰੇਖਾਂ ਵਾਲੀ ਆਪਣੀ ‘ਉਮਤ’ ਰਚ ਦਿਤੀ ਅਤੇ ਨਾਲ ਹੀ ਅਪਣੀ ‘ਅੰਸ਼’ ਲਈ ਹਰ ਤਰ੍ਹਾਂ ਦੀਆਂ ‘ਲੋੜਾਂ’ ਦੀ ਪੂਰਤੀ ਲਈ ਇਕੋ ਵਾਰੀ ਬੇਅੰਤ ਅਤੇ ਅਮੁੱਕ ਦਾਤਾਂ ਬਖਸ਼ ਦਿਤੀਆਂ ਹਨ ਤਾਂ ਕਿ ਅਸੀਂ ਬੇਫਿਕਰ ਅਤੇ ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆਂ ਦੀ ‘ਖੇਲ’, ‘ਪਰਪੰਚ’ ਵਿਚ ਆਪੋ-ਆਪਣਾ ਪਾਰਟ (part) ਅਦਾ ਕਰਦੇ ਹੋਏ ‘ਲੋਕ ਸੁਖੀ’ ਤੇ ‘ਪ੍ਰਲੋਕ ਸੁਹੇਲੇ’ ਹੋ ਸਕੀਏ।
ਅਸਲ ਵਿਚ ਜੋ ਕੁਝ ਇਲਾਹੀ ‘ਕਵਾਉ’ ਤੋਂ ਉਪਜਿਆ ਹੈ, ਉਹ ਸਭ ਕੁਝ ਹੀ ‘ਗੁਰ ਪ੍ਰਸਾਦਿ’ ਦਾ ਪ੍ਰਗਟਾਵਾ ਹੈ। ਉਹ ਪ੍ਰਮੇਸ਼ਰ ਆਪ ਹੀ ‘ਪ੍ਰੇਮ-ਪੁਰਖ’, ‘ਅਤਿ-ਪ੍ਰੀਤਮ’, ‘ਮਾਤਾ-ਪਿਤਾ’ ਹੈ। ਇਸ ਲਈ ਉਸ ਦਾ ‘ਕਵਾਉ’ ਜਾਂ ਰਚਨਾ ਵੀ ਇਲਾਹੀ ਪਿਆਰ ਦਾ ਹੀ ਪ੍ਰਗਟਾਵਾ ਜਾਂ ਪ੍ਰਕਾਸ਼ (projection) ਹੈ। ਜਿਸ ਨੂੰ ਬਾਣੀ ਵਿਚ ‘ਹੁਕਮ’ ਕਿਹਾ ਗਿਆ ਹੈ। ਇਸ ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਪ੍ਰਕਾਸ਼ ਦੀ ਕ੍ਰਿਆ (process) ਹੀ ਉਸ ਦੀ ‘ਬਖਸ਼ਿਸ਼’, ‘ਮਿਹਰ’, ‘ਕਿਰਪਾ’ ਅਤੇ ‘ਗੁਰਪ੍ਰਸਾਦਿ’ ਹੈ।
ਕੁਦਰਤ ਦੀ ‘ਚਾਲ’ ਦੀ ਇਕ ਖਾਸ ਰਵਾਨਗੀ ਹੈ ਪਰ ਕਦੇ-ਕਦੇ ਇਸ ਦੀ ‘ਚਾਲ’ ਵਿਚ ‘ਜਵਾਰ ਭਾਟਾ’ ਉਬਾਲ ਜਾਂ ਉਛਾਲ ਭੀ ਆ ਜਾਂਦਾ ਹੈ ਜਿਵੇਂ ਤੂਫਾਨ, ਹੜ੍ਹ ਆਦਿ। ਇਸੇ