ਕਿਹਾ ਗਿਆ ਹੈ। ਅਸਲ ਵਿਚ ਪ੍ਰਮੇਸ਼ਰ ਆਪ ‘ਪ੍ਰੇਮ ਸਰੂਪ’ ਹੈ (God is LOVE) ਇਸੇ ਕਰਕੇ ਪ੍ਰਮੇਸ਼ਰ ਨੂੰ ‘ਪ੍ਰਿਅ’, ‘ਪ੍ਰੀਤਮ’, ‘ਪ੍ਰੇਮ ਪੁਰਖ’ ਕਿਹਾ ਗਿਆ ਹੈ।
ਸਾਡੀ ਦੀਸਣਹਾਰ ਦੁਨੀਆਂ ਵਿਚ ਇਸ ਇਲਾਹੀ ‘ਪ੍ਰਿਮ-ਰਸ’ ਦੇ ਪ੍ਰਤੀਬਿੰਬ (reflection) ਦਾ ਵਿਸ਼ੇਸ਼ ਪ੍ਰਗਟਾਵਾ ਮਾਂ ਦੇ ਹਿਰਦੇ ਵਿਚ ਪ੍ਰਵਿਰਤ ਹੋ ਰਿਹਾ ਹੈ। ਇਸ ਲਈ ਇਲਾਹੀ ਪਿਆਰ ਦੇ ਦਰਸਾਉਣ ਲਈ ‘ਮਾਂ-ਪਿਆਰ’ ਦਾ ਉਦਾਹਰਨ ਠੀਕ ਢੁੱਕਦਾ ਹੈ।
ਮਾਂ ਦੇ ਹਿਰਦੇ ਵਿਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੋਇਆ ਹੈ। ਮਾਂ ਹਮੇਸ਼ਾਂ ਆਪਣੇ ਬੱਚੇ ਦੇ ਔਗੁਣ ਨਾ ਚਿਤਾਰਦੀ ਹੋਈ ਆਪਣੇ ਬੱਚੇ ਦੇ ‘ਪਿਆਰ ਦੇ ਰੰਗਣ’ ਵਿਚ ਸਦਾ ਰੰਗੀ ਰਹਿੰਦੀ ਹੈ ਤੇ ਉਸ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ ਹੋਈ ਆਪਣਾ ‘ਆਪਾ’ ਵਾਰੀ ਜਾਂਦੀ ਹੈ। ਉਸ ਦੀ ਸਦਾ ਹੀ ਸ਼ੁਭਚਿੰਤਕ ਹੋਣ ਕਾਰਨ, ਉਹ ਉਸਦਾ ਸਦਾ ਹੀ ਭਲਾ ਸੋਚਦੀ, ਲੋਚਦੀ ਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਤਾਂ ਉਸਨੂੰ ਸੋਧਣ ਲਈ ਝਾੜ-ਝੰਭ ਵੀ ਲੈਂਦੀ ਹੈ। ਪਰ ਫਿਰ ਵੀ ਮਾਂ ਦੇ ਹਿਰਦੇ ਦੀ ਡੂੰਘੀ ਤਹਿ ਵਿਚ ਬੱਚੇ ਲਈ ‘ਮਾਂ-ਪਿਆਰ’ ਦੀ ਭਾਵਨਾ ਤੇ ਸ਼ੁਭ ਇਛਾਵਾਂ ਉਸੇ ਤਰ੍ਹਾਂ ਸਦੀਵੀ ਤੌਰ ਤੇ ਓਤ-ਪੋਤ ਪ੍ਰਵੇਸ਼ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਉਹ ਬੱਚਾ ਉਸ ਦੀ ‘ਅੰਸ਼’ ਹੈ। ਇਸ ਤਰ੍ਹਾਂ ‘ਸਦ ਬਖਸਿੰਦੁ’ ‘ਸਦਾ ਮਿਹਰਵਾਨਾ’ ਤੇ ‘ਅਉਗੁਣ ਕੋ ਨ ਚਿਤਾਰਦਾ’ ਵਾਲੇ ਇਲਾਹੀ ਗੁਣਾਂ ਨੂੰ ‘ਮਾਂ’ ਆਪਣੇ ਬੱਚੇ ਲਈ ਪ੍ਰਗਟਾਉਂਦੀ ਤੇ ਕਮਾਉਂਦੀ ਹੈ ਜਿਸ ਤੋਂ ਸਾਨੂੰ ਇਨ੍ਹਾਂ ਰੱਬੀ ਗੁਣਾਂ ਦੀ ਪਛਾਣ ਹੁੰਦੀ ਹੈ ਤੇ ਇਹਨਾਂ ਦੈਵੀ ਗੁਣਾਂ ਤੇ ਵਿਸ਼ਵਾਸ ਆਉਂਦਾ ਹੈ।
ਇਹ ਇਲਾਹੀ ਗੁਣ - ‘ਪਿਆਰ’, ‘ਬਖਸ਼ਿਸ਼’, ‘ਅਉਗੁਣ ਨਾ ਚਿਤਾਰਨਾ’ ਤੇ ‘ਆਪਾ ਵਾਰਨਾ’ ਆਦਿ ਪਰਮੇਸ਼ਰ ਨੇ ਮਾਂ ਦੇ ਹਿਰਦੇ ਵਿਚ ਅਤਿ ਡੂੰਘੇ ਤੇ ਬਹੁਲਤਾ ਵਿਚ ਇਸ ਲਈ ਪ੍ਰਵੇਸ਼ ਕੀਤੇ ਹਨ ਕਿ ਮਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਨ੍ਹਾਂ ਦੀਆਂ ਅਣ-ਗਹਿਲੀਆਂ, ਊਣਤਾਈਆਂ, ਗਲਤੀਆਂ ਅਤੇ ਸ਼ਰਾਰਤਾਂ ਦੇ, ਖਿੜੇ ਮੱਥੇ ਤੇ ਪਿਆਰ ਨਾਲ ਪਾਲ ਸਕੇ, ਤੇ ਉਹ ਜੀਵਨ ਦੇ ਬਿਖੜੇ ਖੇਤਰ ਵਿਚ ਵਿਚਰਨ ਤੇ ਮੁਕਾਬਲਾ ਕਰਨ ਦੇ ਯੋਗ ਹੋ ਸਕਣ।
ਇਸ ਤੋਂ ਇਲਾਵਾ ਜਦੋਂ ਕਦੇ ਬੱਚਾ ਮਾਂ ਵੱਲ ਤੱਕਦਾ ਹੈ ਜਾਂ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ ਜਾਂ ਪਿਆਰ ਦਾ ਕਿਸੇ ਕਿਸਮ ਦਾ ਪ੍ਰਗਟਾਵਾ ਕਰਦਾ ਹੈ ਤਾਂ ਮਾਂ ਦਾ ਸਹਿਜ (normal) ਪਿਆਰ ਉੱਛਲ ਆਉਂਦਾ ਹੈ, ਮਾਂ ਦਾ ਕੋਮਲ ਹਿਰਦਾ ‘ਮਾਂ-ਪਿਆਰ’ ਨਾਲ ਡੁੱਲ੍ਹ-ਡੁੱਲ੍ਹ ਪੈਂਦਾ ਹੈ ਤੇ ਉਹ ਬੱਚੇ ਨੂੰ ਚੁੰਮ-ਚੱਟ ਕੇ, ਲਾਡ-ਲਡਾ ਕੇ ਅਤਿ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿਚੋਂ ਬੇਅੰਤ ਸ਼ੁਭ ਇਛਾਵਾਂ ਤੇ ਅਸੀਸਾਂ ਫੁੱਟ-ਫੁੱਟ ਕੇ ਨਿਕਲਦੀਆਂ ਹਨ। ਮਾਂ ਦੇ ਇਹੋ ਜਿਹੇ ਅਨੋਖੇ ਤੇ ਸੂਖਮ ਪਿਆਰ ਨੂੰ ‘ਨਦਰਿ ਨਿਹਾਲ’ ਕਿਹਾ ਜਾ ਸਕਦਾ ਹੈ।
ਇਹ ਦੁਨਿਆਵੀ ‘ਮਾਂ-ਪਿਆਰ’ - ਜੋ ਕਿ ਮਨੁੱਖਾਂ ਤੋਂ ਇਲਾਵਾ ਹੋਰ ਜਾਨਵਰਾਂ ਪਰਿੰਦਿਆਂ ਵਿਚ ਵੀ ਦੇਖਿਆ ਗਿਆ ਹੈ, ਸਿਰਫ ਆਪਣੇ ਜਾਏ ਬੱਚੇ ਲਈ ਹੀ ਹੁੰਦਾ ਹੈ ਤੇ ਇਸ ਵਿਚ ‘ਮੈਂ-ਮੇਰੀ’ ਦੇ ਤ੍ਰੈ-ਗੁਣਾਂ ਦੀ ਰੰਗਤ ਹੁੰਦੀ ਹੈ। ਇਸ ਲਈ ਇਹ ‘ਮਾਂ-ਪਿਆਰ’ ਅਧੂਰਾ ਤੇ ਸੀਮਤ ਹੈ ਅਤੇ ਨਿਰਮਲ ਇਲਾਹੀ ਪਿਆਰ ਨਹੀਂ ਕਹਾ ਸਕਦਾ। ਇਸੇ ਲਈ ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਵਿਚ ‘ਮੋਹ’ ਕਿਹਾ ਗਿਆ ਹੈ, ਜਿਸ ਦੇ ਬੰਧਨਾਂ ਵਿਚ ਫਸਣ