ਇਲਾਹੀ ਬਖਸ਼ਿਸ਼ ਜਾਂ ਗੁਰ ਪ੍ਰਸਾਦਿ (grace) ਨੂੰ ਗੁਰਬਾਣੀ ਵਿਚ ਹੋਰਵੇਂ ਦਰਸਾਇਆ ਗਿਆ ਹੈ ਅਤੇ ਇਸ ਲੇਖ ਦੁਆਰਾ ਗੁਰਬਾਣੀ ਦੀ ਰੋਸ਼ਨੀ ਵਿਚ ‘ਗੁਰ ਪ੍ਰਸਾਦਿ’ ਦੀ ਵੀਚਾਰ ਪੇਸ਼ ਕੀਤੀ ਜਾਂਦੀ ਹੈ -
‘ਗੁਰਪ੍ਰਸਾਦਿ’ ਦੇ ਅੱਖਰੀ ਅਰਥ ਹਨ - ਗੁਰੂ ਦੀ ਬਖਸ਼ਿਸ਼ ਦੁਆਰਾ।
ਗੁਰਬਾਣੀ ਦੇ ਆਦਿ ਵਿਚ ਪ੍ਰਮੇਸ਼ਰ ਦੇ ਮੰਗਲਾਚਰਣ ਵਿਚ ‘ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੁਨੀ ਸੈਭੰ’ ਤੋਂ ਮਗਰੋਂ ‘ਗੁਰ ਪ੍ਰਸਾਦਿ’ ਦਰਜ ਹੈ। ਜਿਸ ਦਾ ਮਤਲਬ ਇਹ ਹੈ ਕਿ ਇਹ ਜੋ ਬਾਣੀ ਰਚੀ ਜਾ ਰਹੀ ਹੈ ਇਹ ਗੁਰੂ ਦੇ ‘ਪ੍ਰਸਾਦਿ’ ਜਾਂ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੈ। ਇਸੇ ਕਰਕੇ ‘ਧੁਰ ਕੀ ਬਾਣੀ’ ਨੂੰ ਪ੍ਰਮੇਸ਼ਰ ਦੀ ‘ਇਲਾਹੀ ਬਖਸ਼ਿਸ਼’ ਜਾਂ ‘ਗੁਰ ਪ੍ਰਸਾਦਿ’ ਕਿਹਾ ਗਿਆ ਹੈ ਤੇ ਬਾਣੀ ਵਿਚ ਬੇਅੰਤ ਵਾਰੀ ‘ੴ ਸਤਿਗੁਰ ਪ੍ਰਸਾਦਿ’ ਵਰਤਿਆ ਗਿਆ ਹੈ ਤਾਂ ਕਿ ਸਾਨੂੰ ਮੁੜ-ਮੁੜ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ‘ਬਖਸ਼ਿਸ਼’ ਜਾਂ ‘ਦਾਤ’ ਹੈ। ਜੋ ਕਿ ਸਾਡੇ ਜੀਵਾਂ ਤੇ ਅਕਾਲ ਪੁਰਖ ਨੇ ਤਰੁੱਠ ਕੇ, ਸਾਡੇ ਕਲਿਆਣ ਹਿਤ ਰਚੀ ਹੈ ਤਾਂ ਜੋ ਅਸੀਂ ਗੁਰਬਾਣੀ ਦੀ ‘ਆਤਮਿਕ ਰੋਸ਼ਨੀ’ ਵਿਚ, ਆਤਮਿਕ ਗਿਆਨ, ਅਤੇ ਇਲਾਹੀ ਉਪਦੇਸ਼ਾਂ ਦੁਆਰਾ ਅਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਸੰਸਾਰ ਯਾਤਰਾ ਨੂੰ ਸਫਲ ਕਰ ਸਕੀਏ।
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ
ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥(ਪੰਨਾ-96)
ਇਸ ਤੋਂ ਇਲਾਵਾ ਗੁਰਬਾਣੀ ਵਿਚ ਅਨੇਕਾਂ ਵਾਰੀ ‘ਗੁਰ ਪ੍ਰਸਾਦਿ’ ਵਰਤਿਆ ਗਿਆ ਹੈ ਜੋ ਕਿ ਗੁਰੂ ਦੇ ‘ਪ੍ਰਸਾਦਿ’ ਜਾਂ ਗੁਰੂ ਦੀ ‘ਬਖਸ਼ਿਸ਼’ ਦਾ ‘ਪ੍ਰਤੀਕ’ ਹੈ।
‘ਬਖਸ਼ਿਸ਼’ ਦੀ ਦਾਤ ਉਹ ਹੈ ਜਿਸ ਲਈ ਅਸੀਂ ਕੋਈ ਘਾਲਣਾ ਨਾ ਕੀਤੀ ਹੋਵੇ, ਜਿਸ ਤੇ ਸਾਡਾ ਕਿਸੇ ਕਿਸਮ ਦਾ ਹੱਕ ਨਾ ਹੋਵੇ ਸਗੋਂ ਨਿਰੋਲ ‘ਦਾਤੇ’ ਦੀ ਮਿਹਰ ਤੇ ਪਿਆਰ ਦੀ ‘ਦੇਣ’ ਹੋਵੇ।
ਪ੍ਰਮੇਸ਼ਰ ਨੂੰ ਗੁਰਬਾਣੀ ਵਿਚ ‘ਪ੍ਰੀਤਮ’, ‘ਪ੍ਰੇਮ ਪੁਰਖ’, ‘ਪ੍ਰਿਅ’, ‘ਮਾਤਾ’, ‘ਪਿਤਾ’, ਬੰਧਪ ਆਦਿ ਅਨੇਕ ਭਾਵਨਾਵਾਂ ਦੇ ਰੰਗਾਂ ਵਿਚ ਦੇਖਿਆ ਤੇ ਬਿਆਨਿਆ ਗਿਆ ਹੈ।
ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥(ਪੰਨਾ-818)
ਇਹਨਾਂ ਸਾਰੀਆਂ ਭਾਵਨਾਵਾਂ ਵਿਚ ‘ਪ੍ਰੀਤ’ ‘ਪ੍ਰੇਮ’, ‘ਪਿਆਰ’ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ‘ਪ੍ਰੇਮ ਭਾਵਨਾ’, ‘ਪ੍ਰਿਮ-ਰਸ ਦੇ ਮੁਜੱਸਮ’ (embodiment of love) ਨੂੰ ਹੀ ਪ੍ਰਮੇਸ਼ਰ