ਕਾਦਰ ਨੇ ਆਪਣੇ ‘ਕਵਾਉ’ ਨਾਲ ਜਲ, ਥਲ, ਹਵਾ, ਅਕਾਸ਼ ਅਤੇ ਪਾਤਾਲ ਵਿਚ ਬਨਸਪਤੀ, ਪਸ਼ੂ, ਪੰਛੀ ਅਤੇ ਕੀਟ-ਪਤੰਗਿਆਂ ਦੇ ਰੂਪ ਵਿਚ ਅਨੇਕ ਭਾਂਤ ਦੀ ਕੁਦਰਤ ਰਚੀ, ਫਿਰ ਰਚੀ ਹੀ ਨਹੀਂ ਸਗੋਂ ਇਸ ਨੂੰ ਭਾਂਤ-ਭਾਂਤ ਦੇ ਅਨੇਕਾਂ ਰੰਗਾਂ, ਖੁਸ਼ਬੂਆਂ, ਸੁਆਦਾਂ, ਸੂਰਤਾਂ ਅਤੇ ਆਕਾਰਾਂ ਵਿਚ ਰੱਜ-ਰੱਜ ਕੇ ਸ਼ਿੰਗਾਰਿਆ। ਕੀ ਇਹ ਸਭ ਕਰਤੇ ਦਾ ‘ਪ੍ਰਸਾਦਿ’ ਨਹੀਂ? ਜਿਵੇਂ ਅਨੇਕਾਂ ਪ੍ਰਕਾਰ ਦੇ ਬੇਹੱਦ ਖੂਬਸੂਰਤ ਫੁੱਲਾਂ ਵਿਚੋਂ ਜੇਕਰ ਅਸੀਂ ਕਿਸੇ ਵੀ ਫੁੱਲ ਦੀ ਖੁਬਸੂਰਤੀ ਦਾ, ਉਸ ਦੇ ਰੰਗਾਂ ਦਾ, ਉਸ ਦੀ ਖੁਸ਼ਬੂ ਦਾ ਅਤੇ ਉਸ ਉਤੇ ਝੂਮ-ਝੂਮ ਕੇ ਬਾਉਰੇ ਹੁੰਦੇ ਭੋਰੇ ਦਾ ਦ੍ਰਿਸ਼ ਅਤੇ ਸ਼ਹਿਦ ਦੀ ਮੱਖੀ ਵਾਂਗ ਉਸ ਵਿਚਲੇ ਰਸ ਨੂੰ ਨਹੀਂ ਮਾਣਦੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ‘ਗੁਰ ਪ੍ਰਸਾਦਿ’ ਨਹੀਂ ਹੈ ਸਗੋਂ ਸਾਡੀ ਆਪਣੀ ਸਿਆਣਪ ਅਤੇ ਮੈਲ ਕਰਕੇ ਅਸੀਂ ਉਪਰੋਕਤ ਦਾਤਾਂ ਅਤੇ ਬਖਸ਼ਿਸ਼ਾਂ ਨਹੀਂ ਮਾਣਦੇ ਤੇ ਆਪਣੇ ਆਪ ਹੀ ਇਸ ‘ਪ੍ਰਸਾਦਿ’ ਤੋਂ ਵਾਂਝੇ ਰਹਿ ਜਾਂਦੇ ਹਾਂ।
ਇਸੇ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਫਲਾਂ ਵਿਚ ਉਹ ਰਸ-ਰੂਪ ਹੋ ਕੇ ਅਪਣਾ ‘ਪ੍ਰਸਾਦਿ’ ਦੇ ਰਿਹਾ ਹੈ ਪਰ ਅਸੀਂ ਕਿੰਨੀ ਕੁ ਵਾਰੀ ਕਦੇ ਕੋਈ ਫਲ ਖਾਣ ਤੋਂ ਪਹਿਲਾਂ ਉਸ ਦੀ ਸ਼ਕਲ-ਸੂਰਤ ਦੀ ਖੂਬਸੂਰਤੀ ਨੂੰ ਮਾਣਦੇ ਹਾਂ ਜਾਂ ਉਸਦੇ ਰੰਗਾਂ ਨੂੰ ਮਾਣਦੇ ਹਾਂ, ਸਗੋਂ ਬਹੁਤੀ ਵਾਰੀ ਤਾਂ ਜੀਭ-ਰਸ ਅਥਵਾ ਖਾਣ ਦਾ ਸੁਆਦ ਵੀ ਚੰਗੀ ਤਰ੍ਹਾਂ ਨਹੀਂ ਮਾਣਦੇ। ਕੀ ਇਸ ਸਭ ਕੁਝ ਨਾਲ ਉਸ ਵਲੋਂ ਲਗਾਤਾਰ ਕੀਤੀ ਜਾਂਦੀ ‘ਬਖਸ਼ਿਸ਼’ ਅਥਵਾ ‘ਗੁਰਪ੍ਰਸਾਦਿ’ ਤੋਂ ਅਸੀਂ ਆਪਣੇ ਆਪ ਨੂੰ ਸਂੱਖਣਾ ਨਹੀਂ ਕਰ ਲੈਂਦੇ।
ਮਾਂ-ਬੱਚੇ ਦੇ ਮਾਨਸਿਕ ਅਤੇ ਸਰੀਰਕ ਸੰਬੰਧ ਵਿਚ ਪਿਆਰ-ਭਾਵਨਾ ਦੀ ਤਾਰ ਹਮੇਸ਼ਾਂ ਵਗ ਰਹੀ ਹੈ ਜੋ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਬੇਸ਼ਕ ਛੁਪੀ (latent) ਹੁੰਦੀ ਹੈ ਪਰ ਬਾਅਦ ਵਿਚ ਬੱਚੇ ਦੇ ‘ਰੁੱਸਣ’ ਜਾਂ ‘ਬੇਮੁਖ’ ਹੋ ਜਾਣ ਤੇ ਵੀ ਮਿਟਦੀ ਨਹੀਂ। ਦੂਜੇ ਸ਼ਬਦਾਂ ਵਿਚ ‘ਮਾਂ-ਪਿਆਰ’ ਦੀ ਭਾਵਨਾ ਦੀ ‘ਹੋਂਦ’ ਸਦੀਵੀ ਤਾਂ ਹੈ ਪਰ ਤ੍ਰੈ-ਗੁਣਾਂ ਦੇ ਕਾਨੂੰਨ ਜਾਂ ਕਾਰਨ ਤੋਂ ਪਰੇ ਨਹੀਂ ਹੈ। ਫਿਰ ਵੀ ‘ਮਾਂ’ ਦਾ ਹਿਰਦਾ ‘ਸਦ ਬਖਸਿੰਦੁ’ ਤੇ ‘ਸਦਾ ਮਿਹਰਵਾਨਾ’ ਹੈ ਤੇ ਉਸਦੀ ਆਪਣੇ ਬੱਚੇ ਪ੍ਰਤੀ ਇਹ ਭਾਵਨਾ ਕਿਸੇ ਵੀ ਕਾਰਨ ਕਰਕੇ ਮਿੱਟ ਨਹੀਂ ਸਕਦੀ, ਇਸੇ ਕਰਕੇ ਇਸ ‘ਮਾਂ-ਪਿਆਰ’ ਦੀ ਭਾਵਨਾ ਦੀ ਖੁਸ਼ਬੋ ਦੇ ਪ੍ਰਗਟਾਵੇ ਨੂੰ ‘ਬਖਸ਼ਿਸ਼’, ‘ਮਿਹਰ’, ‘ਪ੍ਰਸਾਦਿ’ ਕਿਹਾ ਜਾ ਸਕਦਾ ਹੈ। ਸਾਰੀਆਂ ਮਾਵਾਂ ਦੇ ਹਿਰਦੇ ਅੰਦਰ ਇਸ ‘ਮਾਂ-ਪਿਆਰ’ ਜਾਂ ‘ਮੋਹ’ ਦੀ ਦਾਤ ਪ੍ਰਮੇਸ਼ਰ ਦੀ ਬਖਸ਼ਿਸ਼ ਹੈ। ਇਸ ਲਈ ਅੰਤ੍ਰੀਵ ਤੌਰ ਤੇ ਪ੍ਰਮੇਸ਼ਰ ਹੀ ਅਸਲੀ, ਮੁਢਲੀ ਅਤੇ ਇਲਾਹੀ ਮਾਤਾ ਹੈ। ਇਹ ‘ਇਲਾਹੀ ਮਾਤਾ’ ਹੀ ਸਾਰਿਆਂ ਜੀਵਾਂ ਨੂੰ ਅਰਥਾਤ ਆਪਣੇ ਉਪਜਾਏ ਅੰਸ਼ ਨੂੰ, ਆਪਣੇ ਇਲਾਹੀ, ਅਮੁੱਕ, ਅਟੱਲ ਅਤੇ ਸਦੀਵੀ ਪਿਆਰ ਨਾਲ ਲਾਡ-ਲਡਾਉਂਦੀ, ਖੇਲ-ਖਿਲਾਉਂਦੀ, ‘ਸਦ-ਬਖਸਿੰਦੁ’, ‘ਸਦਾ ਮਿਹਰਵਾਨ’, ‘ਅਉਗੁਣ ਕੋ ਨਾ ਚਿਤਾਰੇ’, ‘ਅਣਮੰਗਿਆਂ ਦਾਨ’ ਬਖਸ਼ਦੀ ਰਹਿੰਦੀ ਹੈ। ਇਸੇ ਨੂੰ ਗੁਰਬਾਣੀ ਵਿਚ ‘ਸਤਿਗੁਰ ਪ੍ਰਸਾਦਿ’ ਕਿਹਾ ਗਿਆ ਹੈ ਕਿਉਂਕਿ ਇਹ ‘ਪ੍ਰਸਾਦਿ’ ਜਾਂ ਬਖਸ਼ਿਸ਼ ਸਾਡੀ ਕਿਸੇ ਘਾਲਣਾ ਜਾਂ