‘ਮੋਹ’ ਵਿਚੋਂ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਉਦਮ, ਕੁਰਬਾਨੀ, ਆਪਾ ਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ ਅਤੇ ਬੱਚੇ ਦੇ ਪਾਲਣ-ਪੋਸ਼ਣ, ਸੁਖ-ਆਰਾਮ, ਭਲਾਈ ਅਤੇ ਪ੍ਰਫੁੱਲਤਾ ਲਈ ਸ਼ੁਭ ਇਛਾਵਾਂ ਤੇ ਅਸੀਸਾਂ ਮਾਂ ਦੇ ਮਨ-ਚਿਤ-ਅੰਤਿਸ਼ਕਰਨ ਵਿਚ ਧੱਸ, ਵੱਸ ਰਸ ਕੇ ਸਹਿਜ-ਸੁਭਾਏ ਉਪਜਦੇ ਤੇ ਪ੍ਰਗਟ ਹੁੰਦੇ ਰਹਿੰਦੇ ਹਨ। ਇਸ ਤੋਂ ਜ਼ਾਹਿਰ ਹੈ ਕਿ ਮਾਂ-ਪਿਆਰ ਦੀ ਭਾਵਨਾ ਵਿਚੋਂ ਹੀ ਬੱਚੇ ਦੀ ਭਲਾਈ ਲਈ ਸਾਰੇ ਗੁਣ ਤੇ ਖਿਆਲ ਉਪਜਦੇ ਹਨ, ਜਿਸ ਨਾਲ ਬੱਚੇ ਦੀ ਪਾਲਣਾ ਅਤੇ ਪ੍ਰਫੁਲਤਾ ਹੁੰਦੀ ਰਹਿੰਦੀ ਹੈ ਇਹ ‘ਮਾਂ-ਪਿਆਰ’ ਜਾਂ ‘ਮੋਹ’ ਦੀ ਛਤਰ-ਛਾਇਆ ਬੱਚੇ ਤੇ ਉਨ੍ਹਾਂ ਚਿਰ ਕੰਮ ਕਰਦੀ ਹੈ ਜਿਨ੍ਹਾਂ ਚਿਰ ਬੱਚਾ ਮਾਂ ਦੇ ਖਿਆਲਾਂ, ਰੀਝਾਂ ਤੇ ਪਿਆਰ-ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿਚ ਰਹਿੰਦਾ ਹੈ। ਜਦੋਂ ਬੱਚਾ ਸਿਆਣਾ, ਆਪ ਹੁਦਰਾ ਤੇ ‘ਮਾਂ’ ਦੀ ਪਿਆਰ ਭਾਵਨਾ ਤੋਂ ‘ਬੇ-ਸੁਰ’ ਹੋ ਕੇ ਆਪਣੀ ਮਨ-ਮਰਜ਼ੀ ਕਰਦਾ ਹੈ ਤਾਂ ਉਹ ‘ਮਾਂ-ਪਿਆਰ’ ਦੇ ਨਿਘ ਅਤੇ ਸ਼ੁਭ-ਇਛਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਅਤੇ ਠੋਕਰਾਂ ਖਾਂਦਾ ਹੈ, ਜਿਸ ਲਈ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ - ਇਸ ਦਾ ਮਤਲਬ ਇਹ ਹੈ ਕਿ ਜੇਕਰ ਬੱਚਾ ਆਪ ਹੁਦਰਾ ਹੋ ਕੇ ‘ਮਾਂ-ਪਿਆਰ’ ਤੋਂ ਪਰੇ ਹੋ ਜਾਂਦਾ ਹੈ ਤਾਂ ਉਹ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿਚ ‘ਮਾਂ-ਪਿਆਰ’ ਦੇ ਸ਼ੁਭ ਖਿਆਲ ਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਤੇ ਜਦ ਵੀ ਉਹ ਬੱਚਾ ਆਪਣੀ ਸਿਆਣਪ ਤੇ ਆਪ ਹੁਦਰੇ-ਪਣ ਤੋਂ ਦੁਖੀ ਹੋ ਕੇ ਮਾਂ ਕੋਲ ਵਾਪਸ ਆਉਂਦਾ ਹੈ ਤਾਂ ‘ਮਾਂ’ ਉਸ ਨੂੰ ਫਿਰ ਗਲ ਲਾਉਂਦੀ ਹੈ ਤੇ ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਦਿੰਦੀ ਹੈ।
ਤਾ ਭੀ ਚੀਤਿ ਨ ਰਾਖਸਿ ਮਾਇਆ ॥(ਪੰਨਾ-478)
ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਮੈਂ ਮੇਰੀ ਵਿਚ ਆ ਕੇ ਅਸੀਂ ਜੋ ਉਸ ਦੀ ਆਪਣੀ ਅੰਸ਼ ਹਾਂ, ਦੂਜੇ ਭਾਵ ਵਿਚ ਆ ਕੇ ਜਾਂ ਮਾਇਆ ਦੀ ਲਪੇਟ ਵਿਚ ਆ ਕੇ ਜਾਂ ਪੰਜਾਂ ਕਾਮਾਦਿਕਾਂ ਦੇ ਵੱਸ ਪੈ ਕੇ ਅਣਗਹਿਲੀ ਕਰਦੇ ਹਾਂ ਅਤੇ ਉਸ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ ਤਾਂ ਉਸ ਸਦ-ਬਖਸਿੰਦੁ ਇਲਾਹੀ ਮਾਤਾ ਦੇ ‘ਪ੍ਰਸਾਦਿ’ ਤੋਂ ਸਖਣੇ ਰਹਿ ਜਾਂਦੇ ਹਾਂ। ਪਰ ਫਿਰ ਵੀ ਜੇ ਉਸ ਦੀ ਆਤਮਾ ਸਤਸੰਗ ਦੁਆਰਾ ਕਿਸੇ ਤਰ੍ਹਾਂ ਜਾਗ ਪਵੇ ਤੇ ਉਹ ਠੱਗਣੀ ਮਾਇਆ ਦੇ ਜਾਲ ਵਿਚੋਂ ਨਿਕਲਣ ਲਈ ਜਾਂ ਪ੍ਰਮਾਤਮਾ ਦੀ ਜਾਂ ‘ਇਲਾਹੀ-ਮਾਤਾ’ ਦੀ ਸ਼ਰਨ ਆਵੇ ਤਾਂ ਉਹ ਆਪਣੇ ਬਿਰਦ ਨੂੰ ਪਾਲਦੀ ਹੋਈ, ‘ਇਲਾਹੀ-ਮਾਤਾ’ ਉਸ ਦੇ ਮਿਹਰਬਾਨ ਹੁੰਦੀ ਹੈ ਤੇ ਫਿਰ ਉਸ ਨੂੰ ਇਹ ਸਭ ਰੰਗ, ਰਸ, ਰੂਪ ਆਦਿ ਮਾਣ ਸਕਣ ਦੀ ਬਖਸ਼ਿਸ਼ ਕਰਦੀ ਹੈ।
ਇਹੁ ਬਿਰਦੁ ਸੁਆਮੀ ਸੰਦਾ ॥(ਪੰਨਾ-544)