ਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਤੇ ਭੁੱਲੇ ਜਾਂ ਵਿਛੜੇ ਹੋਏ ਬੱਚੇ ਦੀ ‘ਸੂੰਹ’ ਲੈਂਦੀ ਰਹਿੰਦੀ ਹੈ ਤੇ ਉਸ ਨੂੰ ਮੁੜ ਆਪਣੇ ਗਲ ਲਾ ਕੇ, ਆਪਣੀ ਗੋਦ ਦਾ ਨਿੱਘ ਤੇ, ਮਾਂ-ਪਿਆਰ ਦਾ ਸੁੱਖ ਦੇਣ ਲਈ ਲੋਚਦੀ ਤੇ ਤਾਂਘਦੀ ਰਹਿੰਦੀ ਹੈ। ਆਪਦੇ ਬੱਚੇ ਵੱਲ ਸੁਨੇਹੜੇ ਭੇਜ ਭੇਜ ਕੇ ਉਸ ਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ।
ਇਸੇ ਤਰ੍ਹਾਂ ਹੀ ਸਾਡੀ ‘ਇਲਾਹੀ ਮਾਤਾ’, ਪ੍ਰਮੇਸ਼ਰ ਵੀ ਆਪਣੀ ਉਮਤ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ, ਇਸ ਲਈ ਸਾਰੀ ਕਾਇਨਾਤ ਦੇ ਅੰਤ੍ਰੀਵ ਜੀਵਨ ਦੀ ਰਵਾਨਗੀ ਵਿਚ ਆਪਣੇ ‘ਪਿਆਰ ਦੀ ਖਿੱਚ’ (ਤਾਰ) ਨੂੰ ਪ੍ਰਵੇਸ਼ ਕਰ ਦਿੰਦੀ ਹੈ। ਇਹ ਇਲਾਹੀ ਪਿਆਰ ਦੀ ‘ਖਿੱਚ’ ਜਾਂ ‘ਤਾਰ’ ਜਾਂ ਵੇਗ (flow) ਅਕਾਲ ਪੁਰਖ ਦੀ ਮਿਹਰ, ਬਖਸ਼ਿਸ਼, ਗੁਰ ਪ੍ਰਸਾਦਿ ਦੀ ‘ਪ੍ਰਤੀਕ’ ਹੈ। ਜੋ ਕਿ ਹਰ ਇਕ ਜੀਵ ਦੇ ‘ਨਾਲ ਲਿਖਿਆ’ ਹੈ ਜਾਂ ਅੰਤ੍ਰ ਰਵਿ ਰਿਹਾ ਭਰਪੂਰ ਹੈ ਤੇ ਇਹ ਪਿਆਰ ਦੀ ਖਿੱਚ, ‘ਤਾਰ’, ਰਵਾਨਗੀ, ਸਦੀਵੀ, ਅਮੁੱਕ ਅਤੇ ਕਾਲ ਰਹਿਤ ਹੈ।
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
ਸਹਿਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥(ਪੰਨਾ-1101)
ਚੁਰਾਸੀ ਲੱਖ ਜੂਨ ਤਾਂ ਅਭੋਲ ਅਤੇ ਸਹਿਜ-ਸੁਭਾਇ ਹੀ ਆਪਣੇ ‘ਹੁਕਮੀ’ - ਅਕਾਲ ਪੁਰਖ ਵੱਲ ਉਸ ਦੇ ਹੁਕਮ ਦੀ ‘ਗੁਰ ਪਸ੍ਰਾਦਿ’ ਰੂਪੀ ਰਵਾਨਗੀ ਦੇ ਵੇਗ ਵਿਚ ‘ਸੁਰ’ ਹੋ ਕੇ ਰੁੜ੍ਹੀ ਜਾ ਰਹੀ ਹੈ, ਪਰ ਇਨਸਾਨ ਆਪਣੀ ਪ੍ਰਬਲ ‘ਹਉਮੈ’ ਅਤੇ ਤੀਖਣ ਬੁੱਧੀ ਦੁਆਰਾ ਹਰ ਸ਼ੈ ਨੂੰ ਘੋਖਦਾ ਅਤੇ ਪਰਖਦਾ ਹੈ ਤੇ ਉਸਦੀ ਬਾਬਤ ਆਪਣੇ ਮਨ ਦੀ ਰੰਗਤ ਅਨੁਸਾਰ ਨਤੀਜੇ ਕੱਢਦਾ ਹੈ। ਇਸ ਤਰ੍ਹਾਂ ਆਪਣੇ ‘ਕਰਤੇ’ ਪ੍ਰਮੇਸ਼ਰ ਦੀ ਬਾਬਤ ਵੀ ਕਈ ਕਿਸਮ ਦੇ ਸਵਾਲ-ਜਵਾਬ, ਉਕਤੀਆਂ-ਜੁਗਤੀਆਂ, ਸਿਆਣਪਾਂ, ਸ਼ੰਕੇ ਤੇ ਫਿਲਾਸਫੀਆਂ ਘੋਟ-ਘੋਟ ਕੇ ਰੱਬ ਦੀ ਹੋਂਦ ਅਤੇ ਉਸ ਦੀ ਬਖਸ਼ਿਸ਼ ਤੇ ਕਿੰਤੂ ਕਰਦਾ ਹੈ। ਇਹ ‘ਕਿੰਤੂ’ ਕਰਦਾ ਹੋਇਆ ਹੀ ਕਈ ਵਾਰੀ ‘ਨਾਸਤਿਕਤਾ’ ਤਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਤਮਿਕ ਸ਼ਰਧਾ ਅਤੇ ਵਿਸ਼ਵਾਸ਼ ਦੀ ‘ਤਾਰ’ ਜਾਂ ‘ਵੇਗ’ ਤੋਂ ਬੇਸੁਰਾ ਹੋ ਕੇ ਇਲਾਹੀ ਬਖਸ਼ਿਸ਼ ਜਾਂ ‘ਗੁਰਪ੍ਰਸਾਦਿ’ ਤੋਂ ਵਾਂਝਾ ਹੋ ਜਾਂਦਾ ਹੈ।
ਕਿਸੇ ਵਿਅਕਤੀ ਦੇ ਮੇਲ-ਜੋਲ ਦੀ ਤਾਰ (connection) ਇਕ ਦੂਸਰੇ ਦੇ ਭਰੋਸੇ ਤੇ ਨਿਰਭਰ ਹੁੰਦੀ ਹੈ, ਜਿਹੜਾ ਉਨ੍ਹਾਂ ਨੂੰ ‘ਸੁਰ’ ਵਿਚ ਰਖਦੀ ਹੈ ਤੇ ਉਹ ਆਪਸ ਵਿਚ ਅੰਤ੍ਰੀਵ ਤੌਰ ਤੇ ਲੇਵਾ-ਦੇਵੀ ਕਰਦੇ ਹਨ। ਜਦ ਵਿਸ਼ਵਾਸ ਦੀ ਤਾਰ ਟੁੱਟ ਜਾਵੇ ਜਾਂ ਢਿੱਲੀ ਹੋ ਜਾਵੇ ਤਾਂ ਉਹ ਮੇਲ-ਜੋਲ (connection) ਓਪਰਾ, ਫੋਕਾ ਤੇ ਲਾਭਹੀਣ ਹੋ ਜਾਂਦਾ ਹੈ। ਯਾਨੀ ਕਿ ਉਨ੍ਹਾਂ ਦੇ ਮਨ ਅੰਤਰੀਵ ਤੌਰ ਤੇ ਨਾ ਮਿਲਣ (lack of inner communication)