ਉਦਾਹਰਣ ਦੇ ਤੌਰ ਤੇ ਸਾਰੀ ਬਨਸਪਤੀ ਦੇ ਬੀਜਾਂ ਦੇ ਅੰਤਰ, ‘ਨਾਲ ਲਿਖੇ ਹੁਕਮ’ ਅਨੁਸਾਰ ਹਰ ਇਕ ਬੂਟਾ ਉਗਦਾ, ਵੱਧਦਾ, ਫੁਲਦਾ ਤੇ ਫਲ ਦਿੰਦਾ ਹੈ, ਪਰ ਇਨ੍ਹਾਂ ਦੀਆਂ ਟਾਹਣੀਆਂ, ਪੱਤਿਆਂ ਓਤੇ ਫਲਾਂ ਦੇ ਕਦ, ਰੰਗ, ਸੁਆਦ ਤੇ ਉਮਰ ਵਿਚ ਭਿੰਨਤਾ ਹੈ।
ਇਸ ਤਰ੍ਹਾਂ ਬਨਸਪਤੀ ਜਾਂ ਹੋਰ ਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਿਚ ਸੀਮਤ ਬੁੱਧੀ ਹੋਣ ਕਾਰਣ ਉਹ ਆਪਣੀ ਸਿਆਣਪ ਜਾਂ ਉਕਤੀਆਂ-ਜੁਗਤੀਆਂ ਨਹੀਂ ਵਰਤ ਸਕਦੇ। ਇਸ ਲਈ ਉਹ ਆਪਣੇ ਨਾਲ ਲਿਖੇ ‘ਹੁਕਮ’ ਵਿਚ ਸਹਿਜੇ ਅਤੇ ਅਣਜਾਣੇ ਹੀ (unconsciously) ਵਿਚਰਦੇ ਤੇ ਵਰਤਦੇ ਹਨ।
ਚੌਰਾਸੀ ਲੱਖ ਜੂਨਾਂ ਆਪੋ-ਆਪਣੇ ‘ਨਾਲ ਲਿਖੇ ਹੁਕਮ ਦੀ ਰਜ਼ਾ’ ਵਿਚ ਚਲਦੇ ਹੋਏ ਅਭੋਲ ਹੀ ਆਪਣੇ ਕੇਂਦਰ ‘ਪਰਮੇਸ਼ਰ’ ਵਲ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ, ਤੇ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੋ ਰਹੀ ਹੈ (Spontaneous evolution of souls)। ਇਹੋ ਹੀ ਉਹਨਾਂ ਦਾ ਅੰਤਰ ਮੁਖੀ ‘ਨਾਲ ਲਿਖਿਆ ਨਿਜੀ ਧਰਮ’ ਹੈ, ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਤੇ ਨਾ ਹੀ ਕਿਸੇ ਪ੍ਰਚਾਰ ਦੀ। ਇਹ ਜੂਨਾਂ ‘ਹੁਕਮ ਰਜਾਈ ਚਲਣਾਂ’ ਅਨੁਸਾਰ ਇਲਾਹੀ, ਅਦ੍ਰਿਸ਼ਟ, ਅਟੱਲ, ਅਭੁੱਲ, ਆਪੇ-ਆਪਣਾ ‘ਨਿਜੀ ਧਰਮ’ ਅਣਜਾਣੇ (unconsciously) ਹੀ ਕਮਾ ਰਹੀਆਂ ਹਨ।
ਇਹ ਜੂਨਾਂ, ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ ਅਤੇ ਨਾ ਮੂਸਾਈ ਹਨ। ਸਿਰਫ਼ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿਚ ਆਪੋ-ਆਪਣਾ ‘ਨਿਜੀ ਧਰਮ’ ਅਥਵਾ ਹੁਕਮ ਅਭੋਲ ਹੀ ਕਮਾ ਰਹੀਆਂ ਹਨ।
ਇਨਸਾਨ ਅਪਣੀ ਤੀਖਣ ਬੁੱਧੀ ਦੁਆਰਾ ‘ਮਨਮੋਹਣੀ’ ਮਾਇਆ ਦੀ ਖੋਜ ਅਤੇ ਕ੍ਰਿਸ਼ਮਿਆਂ ਦੇ ਰੰਗ-ਰਸ ਵਿਚ ਹੀ ਇੰਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ‘ਪਰਮੇਸ਼ਰ’ ਤੇ ਉਸਦੇ ਨਾਲ ਲਿਖੇ ‘ਹੁਕਮ’ ਨੂੰ ਉੱਕਾ ਹੀ ਭੁਲ ਗਿਆ ਹੈ।