ਬਿਨੁ ਨਾਵੈ ਧ੍ਰਿਗੁ ਜੀਵੀਜੈ॥(ਪੰਨਾ-1325)
ਇਸ ਲਈ ਜੇਕਰ ਅਸੀਂ ਅਪਣੇ ਮਲੀਨ ‘ਮਨਮੁਖ’ ਮਨ ਨੂੰ ਬਦਲ ਕੇ, ਉਤਮ ਦੈਵੀ ਗੁਣਾਂ ਵਾਲਾ ‘ਗੁਰਮੁਖ’ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਰੋਜ਼ਾਨਾ ਜੀਵਨ ਦਾ ਰਵੱਈਆ, ਮਨਮੁਖਾਂ ਅਥਵਾ ਸਾਕਤਾਂ ਤੋਂ ਐਨ ‘ਉਲਟ’ ਧਾਰਨਾ ਪਵੇਗਾ।
ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਿਆਂ ਖਿਆਲਾਂ, ਵਲਵਲਿਆਂ, ਭਾਵਨਾਵਾਂ, ਸੁਭਾਉ ਅਤੇ ‘ਜੀਵਨ-ਰੋੜ੍ਹ’ ਨੂੰ ‘ਆਤਮ-ਪ੍ਰਾਇਣ’ ਕਰਨਾ ਪਵੇਗਾ, ਵਰਨਾ ਅਸੀਂ ਉਸੇ ਪੁਰਾਣੀ ਮਲੀਨ ‘ਜੀਵਨ-ਰੋੜ੍ਹ’ ਵਿਚ ਹੀ ਸੜਦੇ-ਬਲਦੇ ਰਹਾਂਗੇ।
ਜੇ ਕਿਤੋਂ ‘ਗੰਦਗੀ’ ਦੀ ‘ਬਦਬੋ’ ਆਉਂਦੀ ਹੋਵੇ ਤਾਂ ਅਸੀਂ ਉਸ ਤੋਂ ਲਾਂਭੇ ਹੋ ਜਾਂਦੇ ਹਾਂ ਯਾ ਉਸ ਗੰਦਗੀ ਨੂੰ ਦੂਰ ਸੁੱਟ ਦਿੰਦੇ ਹਾਂ ਅਤੇ ਇਸ ਤਰ੍ਹਾਂ ‘ਬਦਬੋ’ ਤੋ ਬਚ ਜਾਂਦੇ ਹਾਂ। ਪਰ ਸਾਡੇ ਅਦਰਲੇ ਮਲੀਨ ਮਨ ਵਿਚੋਂ ਉਪਜੀ ਹੋਈ ‘ਬਦਬੋ’ ਤੋਂ ਅਸੀਂ ਬਚ ਨਹੀਂ ਸਕਦੇ, ਕਿਉਂਕਿ ਇਹ ਤਾਂ ਸਾਡੇ ਅੰਦਰ ਨੀਵੇਂ ਖਿਆਲਾਂ, ਮਲੀਨ ਰੁਚੀਆਂ ਅਤੇ ਗਦੀਆਂ ਭਾਵਨਾਵਾਂ ਦੀ ‘ਹਵਾੜ’ ਹੁੰਦੀ ਹੈ।
ਇਹ ਗੰਦਗੀ ਦੀ ‘ਹਵਾੜ’ ਅਵੱਸ਼ ਆਪਣੇ ਆਪ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਵਾਤਾਵਰਨ ਭੀ ਗੰਦਾ ਹੇ ਜਾਂਦਾ ਹੈ।
ਇਹ ਆਪੂੰ ਸਹੇੜੀ ਹੋਈ ਅੰਦਰਲੀ ਮਾਨਸਿਕ ‘ਬਦਬੋ’ ਤਾਂ ਹਰ ਥਾਂ, ਹਰ ਵਕਤ ਸਾਡੇ ਨਾਲ ‘ਚਿਮੜੀ’ ਰਹਿੰਦੀ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿਚ ਸਹਿਜ-ਸੁਭਾਇ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਕਾਰਨ ਅਸੀਂ ਸਮਾਜ ਤੋਂ ਅਲਗ-ਥਲਗ (isolate) ਅਤੇ ਪਰਮਾਰਥ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ।
ਇਸ ਤਰ੍ਹਾਂ ਸਹਿਜੇ-ਸਹਿਜੇ ਸਾਡੀ ‘ਸੁੰਘਣ-ਸ਼ਕਤੀ’ ਅਥਵਾ ‘ਬਿਬੇਕ ਬੁਧੀ’ ਨਹੀਂ ਰਹਿੰਦੀ, ਜਿਸ ਕਾਰਨ ਸਾਨੂੰ ਆਪਣੀ ‘ਮਾਨਸਿਕ ਬਦਬੋ’ ਦਾ ਅਹਿਸਾਸ ਹੀ ਨਹੀਂ ਹੰਦਾ।
ਘਰ ਦੇ ਅੰਦਰ ਯਾ ਗਲੀਆ ਵਿਚ ਗੰਦਗੀ ਦੀ ਬਦਬੋ ਹੋਵੋ ਤਾਂ ਅਸੀਂ ਉਸ ਤੋਂ ਬਚਣ ਲਈ ਕੋਠੇ ਤੇ ਚੜ੍ਹ ਜਾਂਦੇ ਹਾਂ - ਜਿਥੇ ਸਵੱਛ ਤਾਜ਼ੀ ਹਵਾ ਪ੍ਰਾਪਤ ਹੁੰਦੀ ਹੈ।
ਇਸੇ ਤਰ੍ਹਾਂ ਜੇਕਰ ਅਸੀਂ ਇਸ ਮਲੀਨ ‘ਮਾਨਸਿਕ ਬਦਬੋ’ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਉਚਿਆਂ ਖਿਆਲਾਂ, ਦੈਵੀ ਰੁਚੀਆਂ ਅਤੇ ਪਿਆਰ ਭਾਵਨਾਵਾਂ ਵਾਲੇ