ਸਾਡੀ ਆਤਮਿਕ ਤਰੱਕੀ ਲਈ ‘ਪਉੜੀ’ ਬਣ ਜਾਂਦੀ ਹੈ। ਜਿਸ ਦੁਆਰਾ ਅਸੀਂ ਹੋਰ ਉਚੇਰੇ, ਚੰਗੇਰੇ, ਸੁਹਣੇਰੇ ਆਤਮਿਕ ਮੰਡਲਾਂ ਵਲ ਤਰੱਕੀ ਕਰ ਸਕਦੇ ਹਾਂ।
ਜਿਥੇ ਪਰਮੇਸ਼ਰ ਖੁਦ ‘ਸਦ ਬਖਸਿੰਦੁ ਸਦਾ ਮਿਹਰਵਾਨਾ’ ਹੈ - ਉਥੇ ਸਾਨੂੰ ਇਨਸਾਨਾਂ ਨੂੰ ਭੀ, ਇਨ੍ਹਾਂ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਵੀ ਤਾਕੀਦ ਕੀਤੀ ਗਈ ਹੈ -
‘ਆਪਨ ਆਪ ਬੀਚਾਰਿ’
‘ਪਰ ਕਾ ਬੁਰਾ ਨਾ ਰਾਖਹੁ ਚੀਤਿ’
‘ਬੁਰੇ ਦਾ ਭਲਾ ਕਰਿ’
‘ਗੁਸਾ ਮਨਿ ਨ ਹਢਾਇ’
‘ਪਰਨਿੰਦਾ ਸੁਣਿ ਆਪੁ ਹਟਾਵੈ’
‘ਸਾਝ ਕਰੀਜੈ ਗੁਣਹ ਕੇਰੀ’
‘ਛੋਡਿ ਅਉਗਣ ਚਲੀਐ’
‘ਦਯਾ ਛਿਮਾ ਤਨ ਪ੍ਰੀਤਿ’
ਪਰ ਸਾਡੀ ਕਿਤਨੀ ਮੂਰਖਤਾ ਅਤੇ ਢੀਠਤਾਈ ਹੈ ਕਿ ਅਸੀਂ ‘ਆਪਣੇ’ ਬੇਅੰਤ ਅਉਗੁਣਾਂ ਦੀ ਮਾਫੀ ਲਈ ਤਾਂ ਉਪਰਲੇ ਮਨੋਂ ਅਰਦਾਸਾਂ ਕਰਦੇ ਹਾਂ - ਪਰ ਖ਼ੁਦ ਲੋਕਾਂ ਦੇ ਅਉਗੁਣਾਂ ਨੂੰ ਇਕ ਵਾਰੀ ਭੀ ਮਾਫ ਕਰਨ ਯਾ ਭੁਲਾਉਣ ਲਈ ਤਿਆਰ ਨਹੀਂ, ਬਲਕਿ ਲੋਕਾਂ ਦੇ ਹਰ ਇਕ ਅਉਗੁਣ ਨੂੰ ਮੁੜ-ਮੁੜ ਚੇਤੇ ਕਰਕੇ ਹਰ ਵਾਰੀ ਉਸ ਉਤੇ ਪਲੇਥਣ (coating) ਲਾਈ ਜਾਂਦੇ ਹਾਂ।
ਸਾਡਾ ਮਨ, ‘ਕਾਲੀ ਸੂਚੀ’ (black list) ਵਾਲਿਆਂ ਜੀਵਾਂ ਨਾਲ ਇਤਨਾ ‘ਐਲਰਜਿਕ’ (allergic) ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਚੰਗੇ ਗੁਣਾਂ ਉਤੇ ਭੀ ਆਪਣੇ ਤਅੱਸੁਬ ਨਾਲ ‘ਮੈਲੀ ਰੰਗਣ’ ਚਾੜ੍ਹ ਕੇ ਉਹਨਾਂ ਦੇ ਗੁਣਾਂ ਨੂੰ ‘ਛੁਟਿਆਉਣ’ ਦੀ ਕੋਸ਼ਿਸ਼ ਕਰਦੇ ਹਾਂ।
ਇਸ ਤਰ੍ਹਾਂ ਆਪਣੇ ਹਿਰਦੇ ਵਿਚ ਲੋਕਾਂ ਦੇ ਅਉਗੁਣਾਂ ਦੀ ‘ਰੂੜੀ’ ਵਧਾਈ ਜਾਂਦੇ ਹਾਂ, ਅਤੇ ਇਸ ਆਪੂੰ ਬਣਾਈ ਹੋਈ ‘ਰੂੜੀ’ ਦੀ ‘ਸੜਿਹਾਂਦ’ ਨਾਲ ਆਪਣੇ ਮਨ ਨੂੰ ਸਾੜੀ ਜਾਂਦੇ ਹਾਂ।
ਇਨਸਾਨਾਂ ਦੀ ਇਹ ‘ਛਲੀਆ’ ਪ੍ਰਵਿਰਤੀ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਆਪਣੇ ਅਨੇਕਾਂ ਪਾਪ ਯਾ ਅਉਗੁਣ ਤਾਂ ਲੋਕ ਮਾਫ਼ ਕਰੀ ਜਾਣ ਯਾ ਭੁਲਾਈ ਜਾਣ - ਪਰ ਉਹ ਖ਼ੁਦ ਦੂਜਿਆਂ ਦਾ ਇਕ ਅਉਗੁਣ ਭੀ ਮਾਫ਼ ਕਰਨ ਯਾ ਭੁਲਾਉਣ ਨੂੰ ਤਿਆਰ ਨਹੀਂ ਹੁੰਦੇ।