‘ਇੱਟ ਦਾ ਜਵਾਬ ਪੱਥਰ ਨਾਲ ਦੇਣਾ’ ਹੀ ਅਸੀਂ ਆਪਣਾ ਫਰਜ਼ ਸਮਝਦੇ ਹਾਂ, ਅਤੇ ਸਹਿਜੇ-ਸਹਿਜੇ ਇਹੋ ਸਾਡਾ ਸੁਭਾਉ ਯਾ ਆਦਤ ਬਣ ਜਾਂਦੀ ਹੈ। ਇਸੇ ਕਾਰਨ ਸੰਸਾਰ ਵਿਚ ਖਿਚੋਤਾਣ, ਈਰਖਾ-ਦਵੈਤ, ਵੈਰ-ਵਿਰੋਧ, ਝਗੜੇ ਅਤੇ ਲੜਾਈਆਂ ਵਧਦੀਆਂ ਜਾ ਰਹੀਆਂ ਹਨ, ਜਿਸ ਦੁਆਰਾ ਸੰਸਾਰ ‘ਨਰਕ’ ਰੂਪ ਬਣ ਰਿਹਾ ਹੈ।
ਆਦਿ ਤੋਂ ਹੀ ਗੁਰੂਆਂ, ਅਵਤਾਰਾਂ, ਪੀਰਾਂ, ਪੈਗੰਬਰਾਂ ਦੁਆਰਾ ਇਨਸਾਨ ਨੂੰ ਦੂਜਿਆਂ ਦੇ ਅਉਗੁਣਾਂ ਯਾ ਦੋਸ਼ਾਂ ਨੂੰ ‘ਮਾਫ’ ਅਥਵਾ ‘ਖਿਮਾ’ ਕਰਨ ਲਈ ਪਰੇਰਨਾ ਕੀਤੀ ਗਈ ਹੈ। ਕਿਸੇ ਨੇ ਤਿੰਨ ਵਾਰੀ, ਕਿਸੇ ਨੇ ਸੱਤ ਵਾਰੀ ਅਤੇ ਕਿਸੇ ਨੇ ਸੱਤਰ ਵਾਰੀ ‘ਮਾਫ’ ਕਰਨ ਦਾ ਉਪਦੇਸ਼ ਦਿੱਤਾ ਹੈ।
ਪਰ ਧੰਨ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ ਹੈ ਕਿ ਇਨਸਾਨ ਤਾਂ ਸਦਾ ਭੁਲਣਹਾਰ ਹੈ।
ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ॥(ਪੰਨਾ-252)
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥(ਪੰਨਾ-261)
‘ਬੱਚੇ’ - ਅਨੇਕਾਂ ਗਲਤੀਆਂ ਕਰਦੇ ਹਨ, ਪਰ ‘ਮਾਂ’ ਆਪਣੇ ‘ਮਾਂ-ਪਿਆਰ’ ਵਿਚ ਬੱਚੇ ਦੇ ਸਾਰਿਆਂ ਅਉਗੁਣਾਂ ਨੂੰ ਅਣਡਿਠ ਕਰਕੇ, ਆਪਣੇ ਬੱਚੇ ਨਾਲ ਪਿਆਰ ਕਰਦੀ ਹੈ।
ਜਨਨੀ ਚੀਤਿ ਨ ਰਾਖਸਿ ਤੇਤੇ॥(ਪੰਨਾ-478)
ਏਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ ਅਤੇ ਇਲਾਹੀ ‘ਮਾਂ-ਬਾਪ’ ਦੇ ਨਾਤੇ, ਪਰਮੇਸ਼ਰ ਭੀ ਆਪਣੇ ਇਲਾਹੀ ‘ਬਿਰਦ’ ਅਨਸਾਰ ਸਾਡੀਆਂ ਗਲਤੀਆਂ ਯਾ ਅਉਗੁਣਾਂ ਨੂੰ ਨਹੀਂ ਚਿਤਾਰਦਾ ਅਤੇ ਸਦਾ ਮਾਫ ਯਾ ਖਿਮਾ ਕਰਦਾ ਰਹਿੰਦਾ ਹੈ - ਕਿਉਂਕਿ ਪਰਮੇਸ਼ਰ ਨੂੰ ਪਤਾ ਹੈ ਕਿ ਇਨਸਾਨ ਭੁਲਣਹਾਰ ਹੈ। ਜੇਕਰ ਅਕਾਲ ਪੁਰਖ, ਭੀ ਸਾਡੇ ਸਾਰੇ ਅਉਗੁਣਾ ਯਾ ਪਾਪਾਂ ਨੂੰ ਚਿਤਾਰੇ ਅਥਵਾ ਕਰਮਾਂ ਦਾ ਲੇਖਾ ਵਿਚਾਰੇ ਤਾਂ ‘ਮਾਇਕੀ ਨਰਕ’ ਵਿਚੋਂ ਸਾਡੀ ਕਲਿਆਣ ਹੋਣ ਦੀ ਕੋਈ ਆਸ ਹੀ ਨਹੀਂ ਹੋ ਸਕਦੀ।