ਤਦੇ ‘ਬਾਬਾ ਫਰੀਦ ਜੀ’ ਨੇ ਲਿਖਿਆ ਹੈ -
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਵੇਖੁ॥(ਪੰਨਾ-1378)
ਇਸ ਦਾ ਮਤਲਬ ਇਹ ਹੈ ਕਿ ਦੂਜਿਆਂ ਦੇ ਅਉਗਣਾਂ ਨੂੰ ਚਿਤਾਰ ਕੇ ਉਹਨਾਂ ਦੇ ਖਿਲਾਫ਼ ‘ਕਾਲੇ ਲੇਖ’ ਨ ਲਿਖ, ਅਥਵਾ ‘ਫਤਵਾ’ ਨਾ ਲਾ, ਬਲਕਿ ਆਪਣੇ ਹਿਰਦੇ ਅਥਵਾ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿਚ ਛੁਪੇ ਹੋਏ ਗੁੱਝੇ ਅਉਗੁਣਾਂ ਦੀ ‘ਘੋਖ’ ਕਰਕੇ ਉਹਨਾਂ ਦੀ ਨਿਵਰਤੀ ਦਾ ਫਿਕਰ ਕਰ।
ਪਰ ‘ਬਾਹਰਮੁਖੀ’ ਮਨਮੁਖੀ ਜੀਵ ‘ਆਪਨ ਆਪੁ ਬੀਚਾਰਿ’ (introspection) ਦੀ ‘ਅੰਤ੍ਰ-ਮੁਖੀ’ ‘ਖੇਲ’ ਤੋਂ ਅਣਜਾਣ ਹੈ। ਇਹ ਦੈਵੀ ਗੁੱਝੀ ਅੰਤ੍ਰ-ਮੁਖੀ ‘ਖੇਲ’ ਕਠਿਨ ਹੈ, ਜੋ ਸਾਧ ਸੰਗਤ ਦੀ ਅਗਵਾਈ ਬਗੈਰ ਕਮਾਈ ਨਹੀਂ ਜਾ ਸਕਦੀ।
ਇਸ ਬਾਰੇ ਇਕ ਉਦਾਹਰਣ ਪੇਸ਼ ਹੈ, ਕਿ ‘ਲਾਗਾ’ ਲਗੇ ਜਾਨਵਰ ਨੂੰ ਮੱਖੀਆਂ, ਕਾਂ, ਚਿੜੀਆਂ ਤੇ ਹੋਰ ਪਰਿੰਦੇ ਠੁੰਗੇ ਮਾਰ-ਮਾਰ ਕੇ ਦੁਖੀ ਕਰਦੇ ਹਨ, ਤੇ ਉਹ ਇਹਨਾਂ ਠੂੰਗਿਆਂ ਤੇ ਬਚਣ ਲਈ ਪਾਣੀ ਵਿਚ ਟੁੱਭੀ ਮਾਰ ਕੇ ਆਪਣੇ ਆਪ ਨੂੰ ਬਚਾਉਂਦਾ ਹੈ। ਜਿੰਨਾ ਚਿਰ ਉਹ ਪਾਣੀ ਦੇ ਅੰਦਰ ਰਹਿੰਦਾ ਹੈ, ਉਨ੍ਹਾਂ ਚਿਰ ਬਚਿਆ ਰਹਿੰਦਾ ਹੈ। ਜਦੋਂ ਵੀ ਬਾਹਰ ਆਉਂਦਾ ਹੈ, ਉਦੋਂ ਹੀ ਉਸ ਨੂੰ ਪੰਛੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ।
ਇਸ ਉਦਾਹਰਣ, ਤੋਂ ਸਾਨੂੰ ਬਹੁਤ ਹੀ ਸੋਹਣੀ ਸਿਖਿਆ ਮਿਲਦੀ ਹੈ, ਕਿ ਅਸੀਂ ਵੀ ਜਿੰਨਾ ਚਿਰ ਆਪਣੇ ਮਨ ਨੂੰ, ‘ਅੰਤਰ-ਮੁਖੀ’ ਕਰਕੇ ਸਿਮਰਨ ਵਿਚ ਲਾਈ ਰਖਾਂਗੇ, ਉਨ੍ਹਾਂ ਚਿਰ ਬਾਹਰਲੇ ਦੁਖਦਾਈ ਮਾਇਕੀ ਅਸਰਾਂ ਤੋਂ ਬਚੇ ਰਹਾਂਗੇ, ਤੇ ਸਾਨੂੰ ਕਿਸੇ ਨਾਲ ਵੀ ‘ਰੋਸ’ ਕਰਨ ਮੌਕਾ ਹੀ ਨਹੀਂ ਮਿਲੇਗਾ। ਇਸ ਤਰ੍ਹਾਂ ਅਸੀਂ ਨਾ ‘ਬਾਹਰਲਾ ਅਸਰ’ ਲਈਏ, ਤੇ ਨਾ ਹੀ ਸਾਨੂੰ ‘ਰੋਸੇ-ਗਿਲੇ’ ਦੁਖ ਦੇਣ। ਪਰ ਇਹ ਸਾਰੀ ਖੇਡ ‘ਅੰਤਰ-ਮੁਖੀ’ ਹੋਣ ਦੀ ਹੈ, ਤੇ ਇਹ ਜਾਚ ਗੁਰਮੁਖ ਪਿਆਰਿਆਂ ਤੇ ਮਹਾਂਪੁਰਖਾਂ ਅਥਵਾ ‘ਸਾਧ ਸੰਗਤ’ ਤੋਂ ਬਗੈਰ ਸਿਖੀ ਨਹੀਂ ਜਾ ਸਕਦੀ।
ਜਬ ਤੇ ਸਾਧ ਸੰਗਤਿ ਮੋਹਿ ਪਾਈ॥
ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(ਪੰਨਾ-1299)