ਅਸੀਂ ਕਿਸੇ ਵਿਅਕਤੀ ਦੇ ‘ਇਕ-ਅੱਧੇ’ ਅਉਗੁਣ ਨੂੰ ਵੇਖ ਕੇ ਉਸ ਉਤੇ ਸਦਾ ਲਈ ਘਿਰਨਾ ਯੋਗ, ‘ਦੋਸ਼ੀ’ ਅਥਵਾ ‘ਅਪਰਾਧੀ’ ਦਾ ਠੱਪਾ ਲਾ ਕੇ ਆਪਣੀ ‘ਕਾਲੀ ਸੂਚੀ’ (black list) ਵਿਚ ਸ਼ਾਮਲ ਕਰ ਲੈਂਦੇ ਹਾਂ, ਅਤੇ ਉਸ ਉਤੇ ਸਦਾ ਲਈ ‘ਤ੍ਰਿਸਕਾਰਨ ਯੋਗ’ ਕਲੰਕ ਅਥਵਾ ‘ਫ਼ਤਵਾ’ ਲਾ ਦਿੰਦੇ ਹਾਂ।
ਇਸ ਤਰ੍ਹਾਂ ਅਸੀਂ ਉਸ ਦੇ ਹੋਰ ਸਾਰੇ ‘ਗੁਣਾਂ’ ਅਥਵਾ ‘ਚੰਗਿਆਈਆਂ’ ਨੂੰ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ। ਸਾਡੀ ‘ਘਿਰਨਾ’ ਉਸ ਲਈ ਇਤਨੀ ਵੱਧ ਜਾਂਦੀ ਹੈ ਕਿ ਉਸ ਦੇ ‘ਗੁਣਾਂ’ ਯਾ ਵਡਿਆਈਆਂ ਨੂੰ ਸੁਣਨਾ ਭੀ ਪਸੰਦ ਨਹੀਂ ਕਰਦੇ। ਜੇਕਰ ਉਹ ਸੱਚੇ ਦਿਲੋਂ ਮਾਫੀ ਭੀ ਮੰਗੇ, ਅਥਵਾ ‘ਸੋਨੇ ਦਾ ਭੀ ਬਣ ਕੇ ਆਵੇ’, ਤਾਂ ਭੀ ਅਸੀਂ ਉਸ ਨੂੰ ਆਪਣੀ ‘ਕਾਲੀ ਸੂਚੀ’ (black list) ਵਿਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ।
ਇਸ ਤਰ੍ਹਾਂ ਅਸੀਂ ਉਸ ਦੇ ‘ਅਉਗੁਣਾਂ’ ਨੂੰ ਹੀ ‘ਗ੍ਰਹਿਣ’ ਕਰਦੇ ਹਾਂ ਅਤੇ ‘ਗੁਣਾਂ’ ਦਾ ‘ਤ੍ਰਿਸਕਾਰ’ ਕਰਦੇ ਹਾਂ - ਪਰ ਗੁਰਬਾਣੀ ਤਾਂ ਇਸ ਦੇ ਐਨ ਉਲਟ ਉਪਦੇਸ਼ ਦਿੰਦੀ ਹੈ।
ਦੂਜੇ ਪਾਸੇ ਅਸੀਂ ਆਪਣਿਆਂ ਅਉਗੁਣਾਂ ਤੋਂ ਬੇਖਬਰ ਯਾ ਅਨਜਾਣ ਹਾਂ, ਯਾ ਜਾਣ ਬੁਝ ਕੇ ਉਹਨਾਂ ਨੂੰ ‘ਢੱਕਣ’ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਆਪਣੇ ‘ਗੁਣਾਂ’ ਦਾ ਹੀ ‘ਢੋਲ ਵਜਾਉਦੇਂ’ ਰਹਿੰਦੇ ਹਾਂ।
ਇਸ ਤਰ੍ਹਾਂ ਅਸੀਂ ‘ਪਾਖੰਡ’ ਕਰਦੇ ਹਾਂ ਅਤੇ ਆਪਣੇ ‘ਆਪੇ’ ਨਾਲ ਧੋਖਾ ਕਰਦੇ ਹਾਂ।
ਤਿਸਹਿ ਭਲਾਈ ਨਿਕਟਿ ਨ ਆਵੈ॥(ਪੰਨਾ-278)
ਜੇਕਰ ਲੋਕੀਂ ਸਾਨੂੰ ਭੀ ਆਪਣੀ ‘ਕਾਲੀ ਸੂਚੀ’ ਵਿਚ ਸ਼ਾਮਲ ਕਰਕੇ ਸਾਡੇ ਨਾਲ ‘ਘਿਰਨਤ ਵਤੀਰਾ’ ਕਰਦੇ ਹਨ ਤਾਂ ਅਸੀਂ ਕੁਲਝਦੇ, ਸੜਦੇ ਅਤੇ ਤੜਫਦੇ ਹਾਂ ਅਤੇ ਰੋਸੇ-ਗਿਲੇ ਕਰਦੇ ਹਾਂ।