ਇਸ ਤਰ੍ਹਾਂ ਆਤਮਿਕ ‘ਪ੍ਰੇਮ ਸਵੈਪਨਾ’ ਦੇ ਨਾਮ-ਰਸ ਅਥਵਾ ਸ਼ਬਦ-ਸੁਰਤਿ ਵਿਚ ਲੀਨ ਹੋ ਕੇ ਬਿਸਮਾਦ ਹੋਣਾ ਹੀ -
ਦੇ ਉਪਦੇਸ਼ ਦਾ ਕਮਾਉਣਾ ਹੈ।
ਇਹ ਊਚਮ-ਊਚੀ ਸੂਚਮ-ਸੂਚੀ ਆਤਮਿਕ ਕਮਾਈ ਕੋਈ ਵਿਰਲੇ ਗੁਰਮੁਖ, ਹਰਿਜਨ ਪਿਆਰੇ ਹੀ ਕਰਦੇ ਹਨ। ਇਸੇ ਲਈ ਇਹ ‘ਥਿਰੁ ਘਰਿ ਬੈਸਹੁ’ ਦਾ ਉਪਦੇਸ਼ ਹਰਿਜਨ ਪਿਆਰਿਆਂ ਵਲ ਸੰਬੋਧਨ ਕੀਤਾ ਗਿਆ ਹੈ।
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ॥(ਪੰਨਾ-160)
ਨਿੱਕੇ ਬੱਚੇ (baby) ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ। ਉਹ ਸਹਿਜ-ਸੁਭਾਇ ਆਪਣੇ ਮਾਂ-ਬਾਪ ਦੇ ਆਸਰੇ ਪਲਦਾ ਹੈ। ਉਸ ਦੀ ਆਪਣੇ ਮਾਂ-ਬਾਪ ਉਤੇ ਹੀ ਭੋਲੇ-ਭਾਇ ਸ਼ਰਧਾ-ਭਾਵਨੀ ਤੇ ਟੇਕ ਹੁੰਦੀ ਹੈ।
ਇਲਾਹੀ ਹੁਕਮ ਅਨੁਸਾਰ ਬੱਚੇ ਦੀ ਸੇਵਾ-ਸੰਭਾਲ, ਪਾਲਣ-ਪੋਸ਼ਣ ਅਤੇ ਪਰਵਰਿਸ਼ ਦੀ ਜ਼ਿੰਮੇਵਾਰੀ ਮਾਂ-ਬਾਪ ਦੀ ਲਗੀ ਹੋਈ ਹੈ।
ਬੱਚੇ ਦੇ ‘ਭੋਲੇ ਪਨ’ (innocence) ਅਤੇ ਸਹਿਜ-ਸੁਭਾਇ ‘ਸ਼ਰਧਾ-ਭਾਵਨੀ’ ਦੀ ਇਹ ਕੁਦਰਤੀ ‘ਖੇਲ’ ਹੈ।
ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ, ਅਤੇ ਹਉਮੈ-ਵੇੜੀ ਸਿਆਣਪ ਘੋਟਦਾ ਹੈ ਤਿਉਂ-ਤਿਉਂ ‘ਮਾਂ-ਪਿਆਰ’ ਦੀ ਸਰਪ੍ਰਸਤੀ ਜਾਂ ਪ੍ਰਬਂਧ ਵਿਚ ‘ਵਿਘਨ’ ਪਾ ਕੇ ਆਪਣੀ ਹੀ ਸਿਆਣਪ ਵਿਚ ‘ਕਰਮ-ਬਧ’ ਹੁੰਦਾ ਜਾਂਦਾ ਹੈ ਅਤੇ ‘ਮਾਂ-ਪਿਆਰ’ ਦੀ ਨਿੱਘੀ ਗੋਦ ਦੇ ਸੁਖ ਅਤੇ ਅਨੰਦ ਤੋਂ ਵਾਂਝਾ ਜਾਂਦਾ ਹੈ।
ਇਸੇ ਤਰ੍ਹਾਂ ਜਦ ਇਨਸਾਨ ਆਪਣੀ ਤੀਖਣ ਬੁੱਧੀ ਅਤੇ ਹਉਂਧਾਰੀ, ਸਿਆਣਪ ਦੁਆਰਾ, ਇਲਾਹੀ-ਸੁਖਦਾਈ ਅਤੇ ਆਤਮਿਕ ਸਰਪ੍ਰਸਤੀ ਤੋਂ ‘ਬੇਮੁਖ’ ਹੋ ਕੇ ਆਪਣੇ ਆਪ ਨੂੰ ‘ਕਰਤਾ-ਧਰਤਾ’ ਸਮਝਦਾ ਹੈ ਤਾਂ ਇਲਾਹੀ ਪਿਆਰ ਦੀ ਨਿੱਘੀ ਰੱਬੀ ‘ਗੋਦ’ ਤੋਂ ਵਾਂਝਾ ਹੋ ਜਾਂਦਾ ਹੈ।