ਭਾਣੇ ਵਿਚ ਵਰਤਦਾ ਹੈ ਤੇ ‘ਲਿਖਿਆ ਨਾਲ’ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ‘ਪ੍ਰੀਤ-ਤਾਰ’ ਤੇ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ-ਮਾਂ ਦੀ ਨਿੱਘੀ ਗੋਦ ਤੇ ਪਿਆਰ, ਸੁਖ ਅਤੇ ਬਖਸ਼ਿਸ਼ਾਂ ਤੋਂ ਵਾਂਝਾ ਰਹਿੰਦਾ ਹੈ।
ਜੇਕਰ ਬਿਜਲੀ ਦੀ ਤਾਰ ਵਿਚ ਕੋਈ ਨੁਕਸ ਪੈ ਜਾਵੇ ਤਾਂ ਬਲਬ (bulb) ਬੁਝ ਜਾਂਦਾ ਹੈ, ਤੇ ਸਾਨੂੰ ਹਨੇਰੇ ਵਿਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਾਡੇ ਮਨ ਦੀ ‘ਸੁਰਤ’ ਦੀ ਤਾਰ ਅੰਤਰ-ਆਤਮੇ ਪਰਮੇਸ਼ਰ ਦੇ ‘ਨਾਮ’, ‘ਹੁਕਮ’ ਜਾਂ ਜੀਵਨ-ਰੌਂ ਤੋਂ ਟੁਟ ਜਾਵੇ ਤਾਂ ਸਾਡੇ ਮਨ ਉਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ, ਤੇ ਅਸੀਂ ‘ਹਉਮੈ’ ਦੇ ਭਰਮ-ਭੁਲੇਖਿਆਂ ਵਿਚ ਠੋਕਰਾਂ ਖਾਂਦੇ ਹਾਂ ਤੇ ਦੁਖ-ਕਲੇਸ਼ ਭੋਗਦੇ ਹਾਂ।
ਜਿਵੇਂ ‘ਸੂਰਜ’ ਦੀ ਧੁੱਪ ਤੇ ਲਾਂਭੇ ਹੋ ਕੇ ਕਿਸੇ ਭੋਰੇ ਜਾਂ ਕੰਦਰਾਂ (caves) ਵਿਚ ਲੁਕ ਜਾਈਏ ਤਾਂ ਧੁੱਪ ਦੀ ਨਿਘੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ ਵਿਚ ਦੁਖ ਭੋਗਦੇ ਹਾਂ।
ਜੇਕਰ ਅਸੀਂ ਮੁੜ ਆਪਣੀ ਇਲਾਹੀ ‘ਮਾਂ’ ਦੀ ਨਿੱਘੀ ਗੋਦ ਦਾ ਪਿਆਰ ਮਾਨਣਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ-ਸੁਰਤਿ ਦੀ ਤਾਰ ਦੁਆਰਾ, ਅੰਤਰ-ਆਤਮੇ ਇਲਾਹੀ ‘ਹੁਕਮ’, ‘ਨਾਮ’ ਜਾਂ ‘ਜੀਵਨ-ਰੌਂ’ ਨਾਲ ਜੁੜਨਾ ਲਾਜ਼ਮੀ ਹੈ।
ਜਾਂ ਇਉਂ ਕਹੋ ਕਿ ਜੇਕਰ ਅਸੀਂ ਭਰਮ ਦੇ ਹਨੇਰੇ ਵਿਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ‘ਹਉਮੈ’ ਦੀ ‘ਹਨੇਰ ਕੋਠੜੀ’ ਵਿਚੋਂ ਨਿਕਲ ਕੇ, ‘ਨਾਮ- ਰੂਪੀ’ ਸੂਰਜ ਦੀ ਰੋਸ਼ਨੀ ਜਾਂ ਧੁੱੱਪ ਵਿਚ ਆਪਣਾ ਆਪ ਪੇਸ਼ ਕਰਨਾ ਪਵੇਗਾ।
ਦੂਜੇ ਲਫ਼ਜ਼ਾਂ ਵਿਚ ‘ਮਾਇਆਂ’ ਵਲ ਪਿੱਠ ਕਰਕੇ ਆਪਣੇ ਮਨ ਦਾ ਰੁਖ ‘ਇਲਾਹੀ-ਸੂਰਜ’ ਅਥਵਾ ‘ਅਕਾਲ-ਪੁਰਖ’ ਵਲ ਕਰਨਾ ਪਵੇਗਾ ਅਥਵਾ ਬੇਮੁਖ ਹੋਏ ਮਨ ਨੂੰ ਗੁਰੂ ਦੀ ਹਜੂਰੀ ਵਿਚ ਸਨਮੁਖ ਕਰਨਾ ਪਵੇਗਾ। ਇਸੇ ਨੂੰ ‘ਚਰਨ-ਸਰਣ ਜਾਣਾ’ ਕਿਹਾ ਜਾਂਦਾ ਹੈ।