ਅੰਤਰਿ ਕਪਟੁ ਮਹਾ ਦੁਖੁ ਪਾਇ॥
ਸਤਿਗੁਰੁ ਭੇਟੈ ਸੋਝੀ ਪਾਇ॥
ਸਚੈ ਨਾਮਿ ਰਹੈ ਲਿਵ ਲਾਇ॥(ਪੰਨਾ-1342)
ਰਾਗ, ਨਾਦ-‘ਅਨਹਦ-ਧੁਨੀ’ ਦਾ ਅਕਸ (Reflection) ਹੋਣ ਕਾਰਨ, ਸ਼ਬਦ ਦੀ ਬੇਅੰਤ-ਸ਼ਕਤੀ ਦੇ ਪ੍ਰਤੀਕ ਅਤੇ ਪ੍ਰਗਟਾਵਾ ਹਨ। ਜਿਵੇਂ ਕਿ ਰਾਗ-ਸ਼ਕਤੀ ਦੁਆਰਾ ਤਾਨਸੇਨ (Tansen) ਨੇ ਪੱਥਰ ਨੂੰ ਪਿਘਲਾ ਕੇ ਨੇਜ਼ਾ ਪੱਥਰ ਵਿਚ ਗੱਡ ਦਿਤਾ ਸੀ, ਅਤੇ ਮੀਂਹ ਪੈਣਾ ਜਾਂ ਅੱਗ, ਲੱਗਣੀ ਏਸੇ ਰਾਗ-ਸ਼ਕਤੀ ਦੀਆਂ ਕਰਾਮਾਤਾਂ ਹਨ।
ਰਾਗ ਦਾ ਅਸਥੂਲ ਸਰੂਪ ਸਾਜਾ ਵਿਚੋਂ ਪ੍ਰਗਟ ਹੁੰਦਾ ਹੈ, ਪਰ ਸਾਜ਼ਾਂ ਦੀ ਧੁਨ ਦਾ ਸੂਖਮ ਸਰੂਪ ਤਾਰਾਂ ਦੀ ਥਰਥਰਾਹਟ ਹੈ, ਅਤੇ ਇਹ ਥਰਥਰਾਹਟ (Vibration) ਸੁਰ, ਲੈਅ, ਤਾਲ ਦੁਆਹਾ ਅੰਦਰਲੇ ਤਰੰਗਾਂ ਰੂਪ ਵਲਵਲੇ ਦਾ ਪ੍ਰਗਟਾਵਾ ਹੈ। ਇਹ ਥਰਥਰਾਹਟ ‘ਰਣਝੁਣ’ ਯਾ ਵਲਵਲੇ, ‘ਅੰਦਰਲੀ ਭਾਸ਼ਾ’ ਦਾ ਅਸਥੂਲ ਰੂਪ ਹੈ ਅਤੇ ਬਾਹਰਲੀ ਬੋਲੀ ਦਾ ਸੂਖਮ ਰੂਪ ਹੈ।
ਜਿਵੇਂ ਕਿ ਗਰਾਮੋਫੋਨ ਦੇ ਰਿਕਾਰਡ ਤੇ ਜੋ ਭਾਸ਼ਾ ਉਕਰੀ ਹੁੰਦਾ ਹੈ ਉਸ ਨੂੰ ‘ਥਰਥਰਾਹਟ’ ਯਾ ‘ਥਰਕੰਬਣੀ’ ਕਹਿੰਦੇ ਹਨ। ਇਹ ਗਰਾਮੋਫੋਨ ਦੀ ਉਕਰੀ ਹੋਈ ਭਾਸ਼ਾ ‘ਅੰਦਰਲੀ ਰੁਣ- ਝੁਣ’ ਦਾ ਅਸਥੂਲ ਸਰੂਪ ਹੈ।
ਗੁਰਬਾਣੀ ਦੀ ਪੰਗਤੀ “ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ” ਅਨੁਸਾਰ, ਪ੍ਰਮਾਤਮਾ ਦੀ ‘ਬੋਲੀ’ ਅਥਾਹ ਪ੍ਰੇਮ ਵਾਲੀ ਹੈ ਅਤੇ ਇਹ ਚੁੱਪ, ਅਦ੍ਰਿਸ਼ਟ, ਸੂਖਮ ‘ਬੋਲੀ’ ਸਾਰੀ ਸ੍ਰਿਸ਼ਟੀ ਵਿਚ ਲਗਾਤਾਰ ਇਕ ਰਸ ਭਰਪੂਰ ਹੈ ਅਤੇ ‘ਅਨਹਦ-ਨਾਦ’ ਦੀ ਤਰ੍ਹਾਂ ਅਨੇਕਾਂ ਵਲਵਲਿਆਂ ਰੂਪਾ, ਤਰੰਗਾਂ, ਥਰਥਰਾਹਟ ਅਤੇ ਲਹਿਰਾਂ ਵਿਚ ਗੱਜ ਰਹੀ ਹੈ।
ਇਲਾਹੀ ਪ੍ਰੇਮ ਦੀ ਇਸ ‘ਚੁਪ-ਬੋਲੀ’ ਨੂੰ ਹੀ ਗੁਰਬਾਣੀ ਵਿਚ ‘ਅਨਹਦ-ਸਬਦ’ ਜਾਂ ‘ਅਨਹਦ-ਧੁਨ’ ਆਦਿ ਨਾਲ ਦਰਸਾਇਆ ਗਿਆ ਹੈ।
ਅਚਿੰਤ ਹਮਾਰੈ ਗੋਬਿੰਦੁ ਗਾਜੈ॥(ਪੰਨਾ-1157)