ਜਦ ਪਾਣੀ ਦੀਆਂ ਬੂੰਦਾਂ ਅਰਸ਼ਾਂ ਤੋਂ ਬਰਖਾ ਦੁਆਰਾ ਧਰਤੀ ਤੇ ਡਿਗਦੀਆਂ ਹਨ ਤਾਂ ਇਹ ਇੱਕਠੀਆਂ ਹੋ ਕੇ, ਨਾਲਿਆਂ, ਨਦੀਆਂ, ਦਰਿਆਵਾਂ, ਰਾਹੀਂ ਅਨੇਕਾਂ ਦੇਸ਼ਾਂ, ਪਹਾੜਾਂ ਅਤੇ ਮੈਦਾਨਾਂ ਵਿਚੋਂ ਦੀ ਵਗਦੀਆਂ ਹੋਈਆਂ, ਆਪਣੇ ‘ਸ਼ਹੁ-ਸਾਗਰ’ ਸਮੁੰਦਰ ਵਲ ਰੁੜ੍ਹਦੀਆਂ ਜਾਂਦੀਆਂ ਹਨ। ਪਰ ਜੇ ਕੋਈ ਇਸ ਲੰਮੇ ਜੀਵਨ-ਸਫ਼ਰ ਵਿਚ ‘ਅੜਿਕਾ’ ਪੈ ਜਾਵੇ ਤੇ ‘ਜੀਵਨ ਰੌਂ’ ਦੀ ਰਵਾਨਗੀ ਵਿਚ ‘ਵਿਘਨ’ ਪੈ ਜਾਵੇ, ਤਾਂ ਇਹ ਪਾਣੀ ਟੋਇਆਂ, ਛਪੜਾਂ, ਤਲਾਵਾਂ ਵਿਚ ਇੱਕਠਾ ਹੋ ਕੇ, ਸੀਮਤ ਕੰਢਿਆਂ ਵਿਚ ਕੈਦ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਛੱਪੜ ਵਿਚ ‘ਕੈਦ’ ਹੋਇਆ ਪਾਣੀ, ਗੰਧਲਾ ਹੋ ਜਾਂਦਾ ਹੈ ਤੇ ਇਸ ਗੰਧਲੇ ਪਾਣੀ ਦੇ ਆਲੇ-ਦੁਆਲੇ ਦਾ ਵਾਯੂ-ਮੰਡਲ (environment) ਹਾਨੀਕਾਰਕ ਬਣ ਜਾਂਦਾ ਹੈ।
ਐਨ ਇਸੇ ਤਰ੍ਹਾਂ ‘ਜੀਵਾਂ’ ਦਾ ਹਾਲ ਹੈ। ਜਦ ਤਾਈਂ ਸਾਡੀਆਂ ਰੂਹਾਂ, ਇਲਾਹੀ ‘ਜੀਵਨ ਰੌਂ’, ‘ਹੁਕਮ’ ਦੀ ‘ਰਜ਼ਾ’, ‘ਰਵਾਨਗੀ’ ਵਿਚ ਰੁੜ੍ਹੀ ਜਾਣ, ਤਾਂ ਆਪਣੀ ਮੰਜ਼ਿਲ ਪਰਮਾਤਮਾ ਵਿਚ ਜਾ ਮਿਲਦੀਆਂ ਹਨ, ਭਾਵੇਂ ਇਸ ਲੰਮੇ ਤੇ ਬਿਖੜੇ ‘ਜੀਵਨ-ਸਫਰ’ ਵਿਚ ਅਨੇਕਾਂ ਉਤਰਾਈਆਂ, ਚੜ੍ਹਾਈਆਂ ਤੇ ਕਸ਼ਟ ਸਹਿਣੇ ਪੈਂਦੇ ਹਨ।
ਪਰ ਜੇ ਇਨ੍ਹਾਂ ਜੀਵਾਂ ਦੇ ਜੀਵਨ ਸਫ਼ਰ ਦੀ ‘ਰਵਾਨਗੀ’ ਵਿਚ, ਹਉਮੈ-ਵੇੜੀਆਂ, ਸਿਆਣਪਾਂ, ਚਤੁਰਾਈਆਂ ਦੇ ‘ਅੜਿਕੇ’ ਪੈ ਜਾਣ, ਤਾਂ ਇਹ ਰੂਹਾਂ ਆਪਣੀ ਹੀ ਘੜੀ ਹੋਈ ‘ਹਉਮੈ’ ਦੀ ‘ਘੁੰਮਣ-ਘੇਰ’ ਵਿਚ ਫਸ ਕੇ ‘ਕੈਦ’ ਹੋ ਜਾਂਦੀਆਂ ਹਨ ਤੇ ਤ੍ਰੈਗੁਣਾਂ ਦੀ ਮਾਇਕੀ ਦੁਨੀਆਂ ਅੰਦਰ -