‘ਆਤਮਿਕ ਗਿਆਨ’ ਹੀ ਪੂਰਨ ‘ਤਤ-ਗਿਆਨ’ ਹੈ, ਜਿਸ ਦੇ ਅਕਸ ਅਤੇ ਰੌਸ਼ਨੀ ਨਾਲ ਹੀ ਸਾਡੀ ਬੁੱਧੀ ਨੂੰ ਸ਼ਕਤੀ ਮਿਲਦੀ ਹੈ। ਇਹ ‘ਤਤ-ਗਿਆਨ’ ਹੋਰ ਸਾਰੇ ਗਿਆਨਾਂ ਦੀ ‘ਮਾਂ’ ਹੈ। ਏਸੇ ‘ਤਤ-ਗਿਆਨ’ ਦੀ ਪ੍ਰਾਪਤੀ ਲਈ ਖੋਜ ਕਰਨ ਦੀ ਲੋੜ ਹੈ ਅਤੇ ਇਸੇ ਤੋਂ ਹੀ ਹੋਰ ਪਦਾਰਥਿਕ ਗਿਆਨਾਂ ਨੂੰ ਰੌਸ਼ਨੀ ਮਿਲਦੀ ਹੈ।’
ਇਹ ਬਾਹਰ ਮੁੱਖੀ ਗਿਆਨ ਸਾਡੀ ‘ਹਉਮੈਂ’ ਦੇ ਉਦਾਲੇ ਘੁੰਮਦਾ ਹੈ। ਸਾਡੇ ਖਿਆਲਾਂ ਵਿਚ ਹਉਮੈ ਦੀ ਰੰਗਤ ਹੋਣ ਕਰਕੇ ‘ਦਵੈਤ ਦਾ ਟਾਕਰਾ’ ਹੁੰਦਾ ਰਹਿੰਦਾ ਹੈ ਅਤੇ ਸਾਡਾ ਜੀਵਨ ਰੁੱਖਾ, ਸੁੱਖਾ, ਈਰਖਾ, ਦਵੈਤ, ਵੈਰ- ਵਿਰੋਧ, ਕਾਮ, ਕਰੋਧ, ਹੰਕਾਰ ਆਦਿ ਨੀਵੇਂ ਔਗੁਣਾਂ ਦੇ ਚਿੱਕੜ ਵਿਚ (low passions) ਗਲਤਾਨ ਹੈ।
ਇਸ ਦੇ ਉਲਟ, ਜੇ ਅਸੀਂ ‘ਅੰਤਰ-ਮੁਖੀ’ ਆਤਮਿਕ ਗਿਆਨ ਦਾ ਵਿਕਾਸ ਕਰੀਏ ਤਾਂ ਸਾਡੀ ਬੁੱਧੀ ਨੂੰ ਆਤਮਿਕ ਰੰਗਤ ਚੜੇਗੀ ਅਤੇ ਹਿਰਦੇ ਵਿਚ ਦੈਵੀ ਗੁਣ ਪ੍ਰਵੇਸ਼ ਹੋਣਗੇ ਜਿਸ ਨਾਲ ਅਸੀਂ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰ ਸਕਾਂਗੇ ।
ਬਾਹਰੀ ਗਿਆਨ
ਅਸੀਂ ਆਪਣੀਆਂ ਇੰਦਰੀਆਂ ਦੁਆਰਾ ਬਾਹਰੋਂ ਅਸਰ ਲੈਂਦੇ ਹਾਂ, ਜਾਂ ਦੇਖ-ਸੁਣ, ਪੜ੍ਹ-ਸੋਚ ਕੇ ਬਾਹਰਲੇ ਅਸਰ ਕਬੂਲਦੇ ਹਾਂ। ਇਹ ਬਾਹਰਲਾ ਗਿਆਨ ਸਾਨੂੰ ਸਿਰਫ ਮਾਇਕੀ ਦੁਨੀਆਂ, ‘ਤ੍ਰੈਗੁਣਾਂ’ ਦੇ ਦਾਇਰੇ ਤਕ ਹੀ ਸੀਮਤ ਰਖਦਾ ਹੈ। ਤ੍ਰੈਗੁਣਾਂ ਵਿਚ ਹੀ ਅਸੀਂ ਬੇਅੰਤ ਅਖਰੀ ਤੇ ਵਿਗਿਆਨਕ ਵਿਦਿਆ ਦੇ ਵਿਕਾਸ ਤੇ ਖੋਜ ਵਿਚ, ਰੁਝੇ ਹਾਂ ਤੇ ‘ਅੰਤਰ-ਮੁਖੀ’ ਆਤਮਿਕ ਵਿਦਿਆ ਤੋਂ ਬਿਲਕੁਲ ਕੋਰੇ ਜਾਂ ਅਵੇਸਲੇ ਹੋ ਰਹੇ ਹਾਂ। ਏਸੇ ਕਰਕੇ ਸਾਡਾ ਜੀਵਨ ਦੁਖਦਾਈ ਅਤੇ ਅਸ਼ਾਂਤ ਹੋ ਰਿਹਾ ਹੈ। ਇਸ ਵੇਲੇ ਸਾਨੂੰ ਐਸੀ ਆਤਮਿਕ ਸੰਗਤਿ ਦੀ ਅਤਿਅੰਤ ਲੋੜ ਹੈ, ਜਿਸ ਵਿਚ ਸਾਨੂੰ ‘ਅੰਤਰ-ਮੁਖੀ ਆਤਮਿਕ ਗਿਆਨ’ ਪ੍ਰਦਾਨ ਕੀਤਾ ਜਾਵੇ। ਇਹ ਅੰਤਰ-ਮੁਖੀ ਆਤਮਿਕ ਗਿਆਨ ਪ੍ਰਦਾਨ ਕਰਨ ਵਾਲੇ ਅਧਿਆਪਕ, ਸਿਰਫ ਆਤਮਿਕ ਜੀਵਨ ਵਾਲੇ, ਗੁਰਮੁਖ, ਸੰਤ, ਮਹਾਂ-ਪੁਰਖ ਹੀ ਹੋ ਸਕਦੇ ਹਨ। ਪਰ ‘ਆਤਮਿਕ-ਤਤ ਗਿਆਨ ਦੇ ਬੇਤੇ’ ਵਿਰਲੇ ਹੀ ਹਨ।