ਐਸੇ ਗੁਰੂ ਦਵਾਰੇ,ਧਰਮਸਾਲਾਂ ਨੂੰ ਗੁਰਬਾਣੀ ਅਨੁਸਾਰ, ‘ਸਾਧ-ਸੰਗਤ’ ਜਾਂ ‘ਸਤ-ਸੰਗਤ’ ਕਿਹਾ ਗਿਆ ਹੈ, ਜਿਥੇ ਸਹੀ ਅਰਥਾਂ ਵਿਚ ‘ਆਤਮਿਕ ਜੀਵਨ’ ਢਾਲਿਆ ਜਾਂਦਾ ਹੈ ਤੇ ‘ਆਤਮਿਕ ਗਿਆਨ’ ਪ੍ਰਦਾਨ ਹੁੰਦਾ ਹੈ। ਇਸ ਵੇਲੇ ‘ਆਤਮਿਕ-ਗਿਆਨ’ ਦੇ ਜੀਵਨ ਵਾਲੇ ਸੰਤਾਂ ਮਹਾਂ-ਪੁਰਖਾਂ ਦਾ ਕਾਲ ਹੈ। ਜੋ ‘ਦਿਮਾਗੀ ਗਿਆਨ’ ਅਸੀਂ ਬਾਹਰੋਂ ਪੜ੍ਹ, ਸੁਣ ਕੇ, ਸਮਝ ਕੇ ਪ੍ਰਾਪਤ ਕੀਤਾ ਹੈ, ਉਹ ‘ਓਪਰਾ’, ‘ਅਧੂਰਾ’ ਤੇ ‘ਉਧਾਰਾ’ ਹੈ। ‘ਅਸਲੀ ਗਿਆਨ’ ਉਹ ਹੈ, ਜੋ ਆਤਮਾ ਵਿਚੋਂ ‘ਸਫੁਟਿਤ’ ਹੋਵੇ, ਜਿਸ ਨੂੰ ‘ਤੱਤ-ਗਿਆਨ’ ਕਹਿੰਦੇ ਹਨ।
‘ਅੰਤਰ ਮੁਖੀ ਅਨੁਭਵੀ ਤਤ’ ਗਿਆਨ ਤੋਂ ਕੋਰੇ ਪ੍ਰਚਾਰਕ, ਕਿਤੋਂ ਦੋ ਚਾਰ ਗੁਰਬਾਣੀ ਦੀਆਂ ਤੁਕਾਂ ਜਾਂ ਸਾਖੀਆਂ ਯਾਦ ਕਰਕੇ, ਆਪਣੇ ਤੀਖਣ ਬੁੱਧੀ ਨਾਲ, ਉਕਤੀਆਂ, ਜੁਗਤੀਆਂ ਦੁਆਰਾ, ਜਨਤਾ ਨੂੰ ਭੁਲੇਖਿਆਂ ਵਿਚ ਪਾ ਰਹੇ ਹਨ। ਨਤੀਜੇ ਵਜੋਂ, ਭੋਲੀ ਜਨਤਾ ਅਤੇ ਜਗਿਆਸੂ, ਭੰਬਲ-ਭੂਸਿਆਂ ਵਿਚ ਪੈ ਕੇ, ਗੁਰਮਤ ਦੇ ਸਹੀ ਅਤੇ ਸੱਚੇ ਸੁੱਚੇ ਮਾਰਗ ਤੋਂ ਦੁਰੇਡੇ ਚਲੇ ਜਾ ਰਹੇ ਹਨ। ਇਹ ‘ਓਪਰਾ’ ‘ਅਧੂਰਾ’ ‘ਉਧਾਰਾ’ ਜਾਂ ‘ਝੂਠਾ’ ਦਿਮਾਗੀ ਗਿਆਨ, ‘ਵਕਤਿਆਂ’ ਅਤੇ ‘ਸਰੋਤਿਆਂ’, ਦੋਹਾਂ ਨੂੰ ਭੁਲੇਖਿਆਂ ਵਿਚ ਪਾਈ ਰਖਦਾ ਹੈ। ਗੁਰਬਾਣੀ ਧੁਰੋਂ, ‘ਅਨੁਭਵੀ ਦੇਸ਼’ ਦੇ ‘ਆਤਮਿਕ-ਤੱਤ-ਗਿਆਨ’ ਦੀ ਪ੍ਰਕਾਸ਼ ਰੂਪੀ ‘ਬੋਲੀ’ ਹੈ ਤੇ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਹ ‘ਅਨੁਭਵੀ ਆਤਮਿਕ ਗਿਆਨ’ ਸਿਰਫ ‘ਸਾਧ ਸੰਗਤ’ ਵਿਚ ਵਿਚਰਦਿਆਂ ਹੋਇਆਂ, ਅੰਤਰ-ਮੁਖੀ ਹੋ ਕੇ, ਅਟੁਟ ਸਿਮਰਨ ਅਭਿਆਸ ਕਰਨ ਨਾਲ, ‘ਆਤਮਿਕ ਸੋਮੇ’ ਤੋਂ ਹੀ ਸਫੁਟਿਤ ਹੋ ਸਕਦਾ ਹੈ। ਜਿੰਨਾ ਚਿਰ ਅੰਤਰ-ਮੁਖੀ ਆਤਮਿਕ ਖੋਜ ਦੁਆਰਾ, ਅਨੁਭਵੀ ਪ੍ਰਕਾਸ਼ ਨਹੀਂ ਹੁੰਦਾ, ਅਸੀਂ ਗੁਰਬਾਣੀ ਦੇ ਸੱਚੇ-ਸੁੱਚੇ, ਅਸਲੀ ਪੂਰਨ ‘ਤੱਤ-ਗਿਆਨ’ ਦਾ ਪੂਰਾ ਲਾਭ ਨਹੀਂ ਲੈ ਸਕਦੇ।
ਪੁਰਾਣੇ ਜ਼ਮਾਨੇ ਵਿਚ ਬਖਸ਼ੇ ਹੋਏ ਗੁਰਮੁਖ ਪਿਆਰੇ ਅਤੇ ਮਹਾਂ ਪੁਰਖਾਂ ਦੇ ਧਰਮ ਅਸਥਾਨ, ਧਰਮਸ਼ਾਲਾਂ ਸਹੀ ਅਰਥਾਂ ਵਿਚ ‘ਗੁਰਮਤਿ ਕਾਲਜ’ ਹੁੰਦੇ ਸਨ।