ਕਿਉਂਕਿ ਇਨ੍ਹਾ ਵਿਚ ਜਗਿਆਸੂਆਂ ਦਾ ਜੀਵਨ, ਮਹਾਂ-ਪੁਰਖਾਂ ਦੀ ਅਗਵਾਈ ਹੇਠ, ਗੁਰਬਾਣੀ ਅਨੁਸਾਰ ਢਾਲਿਆ ਜਾਂਦਾ ਸੀ। ਉਥੋਂ, ਧਾਰਮਿਕ ਗਿਆਨੀ ਜਾਂ ‘ਗਰੈਜੂਏਟਾਂ’ ਦੀ ਥਾਂ ‘ਭਾਈ ਸਾਹਿਬ’, ਸੰਤ, ਮਹਾਂ-ਪੁਰਖ ਬਣ ਕੇ ਨਿਕਲਦੇ ਸਨ ਅਤੇ ਅਗੋਂ ਉਹ ਆਪਣੇ ਉਚੇ-ਸੁਚੇ ‘ਆਤਮਿਕ ਜੀਵਨ’ ਦੀ ‘ਛੋਹ’ ਨਾਲ ਅਨੇਕਾਂ ਜਗਿਆਸੂਆਂ ਦੇ ਜੀਵਨ ਬਦਲ ਕੇ, ‘ਜੀਵਨ-ਤੱਤ- ਗਿਆਨ’ ਪ੍ਰਦਾਨ ਕਰਦੇ ਸਨ। ਜਿੰਨ੍ਹਾਂ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ, ਦਿਮਾਗੀ ਗਿਆਨ ਦੀਆਂ ਡਿਗਰੀਆਂ ਦੀ ਥਾਂ, ‘ਆਤਮਿਕ-ਤੱਤ-ਗਿਆਨ’ ਦੇ ਪ੍ਰਕਾਸ਼ ਵਿਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ, ਮਹਾਂਪੁਰਖ ਨਹੀਂ ਹੁੰਦੇ, ਗੁਰਬਾਣੀ ਅਤੇ ਗੁਰਮਤਿ ਦੀ ਪੜ੍ਹਾਈ ਅਤੇ ਖੋਜ ‘ਓਪਰੀ’, ‘ਅਧੂਰੀ’, ‘ਫੋਕਟ’ ਰਹੇਗੀ। ਗੁਰਬਾਣੀ ਵਿਚ ਇਸ ਅੰਤਰ-ਮੁਖੀ ਖੋਜ ਨੂੰ ‘ਵੀਚਾਰਨਾ’, ‘ਬੁਝਣਾ’, ‘ਜਾਣਨਾ’, ‘ਚੀਨਣਾ’, ‘ਸਿਝਣਾ’, ‘ਖੋਜਣਾ’ ਦਸਿਆ ਗਿਆ ਹੈ, ਜੋ ਕਿ ‘ਅਨੁਭਵੀ’ ਖੇਲ ਹੈ, ਨਾ ਕਿ ਦਿਮਾਗੀ ਕਰਤੱਵ।
ਗੁਰਬਾਣੀ ਦੇ ‘ਤੱਤ-ਅਨੁਭਵੀ-ਗਿਆਨ’ ਤੋਂ ਅਨਜਾਣੇ ਹੋਣ ਕਾਰਣ, ਜਿਸ ‘ਆਤਮਿਕ ਅਗਿਆਨਤਾ’ ਦੇ ਹਨੇਰ ਵਿਚੋਂ ਸਾਨੂੰ ਗੁਰੂ ਸਾਹਿਬਾਂ ਨੇ ਮੁਕਤ ਕਰਾਇਆ ਸੀ, ਉਸੇ ਅਗਿਆਨਤਾ ਦੇ ‘ਹਨੇਰੇ’ ਵਿਚ ਅਸੀਂ ਮੁੜ ਕੇ ਫਸ ਗਏ ਹਾਂ।
ਗੁਰਬਾਣੀ ਧੁਰੋਂ ਆਤਮਿਕ ਮੰਡਲ ਤੋਂ ਆਈ ਹੈ ਤੇ ਇਸ ਵਿਚ ਆਤਮਿਕ ‘ਪ੍ਰਕਾਸ਼ ਮਈ’ ਇਲਾਹੀ ‘ਤੱਤ-ਗਿਆਨ’ ਭਰਪੂਰ ਹੈ। ਜਿਸ ਤਰ੍ਹਾਂ ਦੁਨੀਆਂ ਵਿਚ ਸਾਨੂੰ ਸੂਰਜ ਤੋਂ ਧੁੱਪ ਰੂਪੀ ‘ਪ੍ਰਕਾਸ਼’ ਮਿਲ ਰਿਹਾ ਹੈ, ਏਸੇ ਤਰ੍ਹਾਂ ‘ਆਤਮਿਕ ਪ੍ਰਕਾਸ਼’ ਰੂਪੀ ‘ਤੱਤ ਗਿਆਨ’ ਸਾਰੇ ਵਿਸ਼ਵ ਲਈ ‘ਆਤਮਿਕ ਚਾਨਣ’ ਰੂਪੀ ਗਿਆਨ ਹੈ, ਜੋ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਦੁਆਰਾ ‘ਗੁਰਸਿੱਖਾਂ ਨੂੰ ਵਿਰਸੇ’ ਵਿਚ ਮਿਲਿਆ ਹੈ ਅਤੇ -
ਤੋਟਿ ਨ ਆਵੈ ਵਧਦੋ ਜਾਈ ॥(ਪੰਨਾ-186)