ਉਚੀ-ਸੁੱਚੀ ‘ਅਨੁਭਵੀ ਆਤਮਿਕ ਖੇਲ’ ਵਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਲੋੜ ਹੀ ਨਹੀਂ ਭਾਸਦੀ, ਜਾਂ ਜਾਣ ਬੁਝ ਕੇ ਅਵੇਸਲੇ ਤੇ ‘ਮਚਲੇ’ ਹੋਏ ਬੈਠੇ ਹਾਂ।
ਪਹਿਲੇ ਲੇਖਾਂ ਵਿਚ ਦਸਿਆ ਜਾ ਚੁਕਿਆ ਹੈ ਕਿ ਉਚੇ-ਸੁੱਚੇ ‘ਅਨੁਭਵੀ ਆਤਮਿਕ ਧਰਮ’ ਵਲ ਪ੍ਰੇਰਨਾ ਤੇ ਅਗਵਾਈ ਲਈ ਪਹਿਲਾਂ ਪਹਿਲ ਬਾਹਰਮੁਖੀ ਦਿਮਾਗੀ ਧਰਮਾਂ ਦੇ ਕਿਰਿਆ-ਕਰਮ ਲਾਜ਼ਮੀ ਹਨ। ਜਿਸ ਤਰ੍ਹਾਂ ‘ਸਫ਼ਰ’ ਕੀਤੇ ਬਗੈਰ ਮੰਜ਼ਿਲ ਤੇ ਨਹੀਂ ਪਹੁੰਚਿਆ ਜਾ ਸਕਦਾ ਤੇ ਪੌੜੀ ਬਗੈਰ ਕੋਠੇ ਦੇ ਸਿਖਰ ਤੇ ਨਹੀਂ ਚੜ੍ਹਿਆ ਜਾ ਸਕਦਾ। ਇਸੇ ਤਰ੍ਹਾਂ ਅਨੁਭਵੀ, ਆਤਮਿਕ - ‘ਪ੍ਰਕਾਸ਼-ਮਈ ਮੰਡਲ’ ਤਾਈਂ ਪਹੁੰਚਣ ਲਈ ਸਰੀਰਕ, ਮਾਨਸਿਕ ਤੇ ਧਾਰਮਿਕ ਕਰਮ-ਕਿਰਿਆ ਤੇ ਸੰਜਮ ਜ਼ਰੂਰੀ ਹੈ। ਪਰ ਇਹ ਧਾਰਮਿਕ ਕਿਰਿਆ-ਕਰਮ -
ਯਤਨ ਹਨ | - | ‘ਨਤੀਜਾ’ ਨਹੀਂ |
ਸਾਧਨ ਹਨ | - | ‘ਪੂਰਨਤਾ’ ਨਹੀਂ |
ਯਾਤਰਾ ਹੈ | - | ‘ਮੰਜ਼ਿਲ’ ਨਹੀਂ |
ਗਿਆਨ ਹੈ | - | ‘ਪ੍ਰਕਾਸ਼’ ਨਹੀਂ |
ਘਾਲਣਾ ਹੈ | - | ‘ਗੁਰਪ੍ਰਸਾਦਿ’ ਨਹੀਂ |
ਪੌੜੀ ਹੈ | - | ‘ਸਿਖਰ’ ਨਹੀਂ |
ਪਰ ਅਸੀਂ ਬਾਹਰ ਮੁਖੀ ਕਰਮ-ਕਾਂਡਾਂ ਨੂੰ ਹੀ ‘ਮੰਜ਼ਿਲ’, ‘ਪੂਰਨਤਾ’ ਸਮਝ ਕੇ ਇਨ੍ਹਾਂ ਵਿਚ ਹੀ ‘ਸੰਤੁਸ਼ਟ’ ਹਾਂ ਤੇ ਇਸ ਤੋਂ ਉਚੇਰੀ, ਸੁਚੇਰੀ, ਚੰਗੇਰੀ, ਸੁਹਣੇਰੀ ‘ਆਤਮਿਕ ਮੰਜ਼ਿਲ’, ‘ਇਲਾਹੀ ਮੰਡਲ’ ਦੇ ‘ਆਤਮ ਪ੍ਰਕਾਸ਼’, ਪ੍ਰੀਤ, ਪ੍ਰੇਮ’ ਰਸ, ਚਾਉ (Divine joys and Bliss) ਤੋਂ ਅਣਜਾਣ, ਬੇਪ੍ਰਵਾਹ, ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ।
ਅਸੀਂ ਆਪਣੀ ਅਗਿਆਨਤਾ ਵਿਚ ਨੀਵੀਆਂ ਰੁੱਚੀਆਂ, ਨੀਵੇਂ ਖਿਆਲ, ਪਾਰਟੀ ਬਾਜ਼ੀ, ਈਰਖਾ ਦਵੈਤ, ਵੈਰ-ਵਿਰੋਧ, ਨਿਜੀ ਸੁਆਰਥ ਤੇ ‘ਕੁਰਸੀ’ ਦੀ ਲਾਲਸਾ ਨਾਲ ‘ਧਰਮ ਅਸਥਾਨਾਂ’ ਨੂੰ ਭੀ ਈਰਖਾ ਦਵੈਤ ਦੇ ‘ਅੱਡੇ’, ਹਉਮੈ ਦੇ ‘ਖੇਤਰ’, ਕ੍ਰੋਧ ਦੇ ਪ੍ਰਗਟਾਵੇ ਦੇ ‘ਅਖਾੜੇ’, ਮਾਇਕੀ ਸੁਆਰਥ ਦਾ ‘ਜ਼ਰੀਆ’ ਅਤੇ ‘ਮਾਇਕੀ ਕੇਂਦਰ’ ਹੀ ਬਣਾ ਛੱਡਿਆ ਹੈ।
ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ‘ਇਸ਼ਟ’ ਤੇ ‘ਗੁਰੂ’ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿਚ, ਧਰਮ ਦੇ ਨਾਉਂ ਤੇ ਗੁਰਬਾਣੀ ਦੇ ਆਸ਼ੇ ਦੇ ਐਨ ‘ਉਲਟ’ ਈਰਖਾ-ਦਵੈਤ, ਵੈਰ ਵਿਰੋਧ, ਲੋਭ-ਸੁਆਰਥ, ਕ੍ਰੋਧ ਤੇ ਹਉਮੈ ਦਾ ਖੁੱਲ੍ਹਮ ਖੁੱਲਾ ਪ੍ਰਗਟਾਵਾ ਕਰਦੇ ਹਾਂ ਤੇ ਗੁਰੂ ਮਹਾਰਾਜ ਦੀ ਬੇਅਦਬੀ ਕਰ ਕੇ - ਅਸੀਂ ਆਪਣੇ ਧਰਮ ਦੀ ‘ਗਿਲਾਨੀ’ ਦੇ ਇਸ਼ਤਿਹਾਰ ਦਾ ਆਪ ਹੀ ਕਾਰਣ ਬਣਦੇ ਹਾਂ। ਇਹ ਸਭ ਕੁਝ ਮੌਜੂਦਾ ਬੇਅੰਤ ਧਰਮ ਪ੍ਰਚਾਰ ਦੇ ‘ਬਾਵਜੂਦ’ ਹੋ ਰਿਹਾ ਹੈ।
ਇਸ ਧਾਰਮਿਕ ‘ਗਿਲਾਨੀ’ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਸਾਡੀ ਧਰਮ-ਪ੍ਰਚਾਰ ਦੀ ‘ਪ੍ਰਣਾਲੀ’ ਵਿਚ ਦੀਰਘ ਨੁਕਸ ਹਨ।
ਨੀਵੀਂਆਂ ਰੁਚੀਆਂ ਦੀ ਖਿੱਚ ਨਾਲ ‘ਧਰਮ’ ਨੂੰ ਕਈ ਅਜਾਈਂ ‘ਰੋਗ’ ਲਗ ਗਏ