ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥
ਹਉਮੈ ਬਿਆਪਿਆ ਸਬਦੁ ਨ ਚੀਨੈ ਫਿਰਿ ਫਿਰਿ ਜੂਨੀ ਆਵੈ ॥(ਪੰਨਾ-732)
ਇਹ ਸਭ ਕੁਝ ਜ਼ਾਹਰਾ ਤੌਰ ਤੇ ਪ੍ਰਤੱਖ ਵਰਤ ਰਿਹਾ ਹੈ, ਪਰ ਇਸ ‘ਗਿਲਾਨੀ’ ਨੂੰ ਮਹਿਸੂਸ ਕਰਨ ਜਾਂ ਇਸ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਅਤੇ ਨਾ ਹੀ ਕੋਈ ਜ਼ੁਰੱਅਤ ਹੀ ਕਰਦਾ ਹੈ।
ਸਾਡੇ ਵਖੇਵੇਂ ਵਾਲੇ, ਹਉਮੈ ਵੇੜ੍ਹੇ ਮਨ ਨੇ ਆਪੂੰ-ਸਹੇੜੇ, ਅਜਾਈਂ, ਵਾਧੂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਅਤੇ ਇਨ੍ਹਾਂ ਵਿਚ ਇਤਨੇ ਗਲਤਾਨ ਹੋ ਗਏ ਹਾਂ ਕਿ ਧਰਮ ਦੇ ਉਚੇਰੇ ਆਤਮਿਕ ਪੱਖ ਵਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਜਾਪਦੀ ਹੈ। ਸਿਰਫ਼ ਲੋਕਾ-ਚਾਰੀ, ਲੋਕ-ਵਿਖਾਵੇ ਜਾਂ ਰਸਮੀ, ਬਾਹਰਮੁਖੀ, ਫੋਕੇ ਧਾਰਮਿਕ ਕਰਮ-ਕਾਂਡਾਂ ਵਿਚ ਹੀ ‘ਸੰਤੁਸ਼ਟ’ ਹਾਂ ਤੇ ਆਪਣੇ ਮਨ ਨੂੰ ਫੋਕੀ, ‘ਝੂਠੀ ਤਸੱਲੀ’ ਦੇ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ।
ਦੂਜੇ ਪਾਸੇ, ਅਸੀਂ ਆਪਣੇ ਨਿਜੀ ਸੁਆਰਥ, ਘਰੋਗੀ ਮਸਲੇ ਸੋਧਣ ਲਈ, ਮੁਕਦਮੇ ਜਿੱਤਣ ਲਈ, ਬੀਮਾਰੀਆਂ ਹਟਾਉਣ ਲਈ, ਇਮਤਿਹਾਨ ਪਾਸ ਕਰਨ ਲਈ, ਨੌਕਰੀ ਲਈ, ਮਾਇਕ ਪ੍ਰਾਪਤੀ ਲਈ ਅਤੇ ਜੀਵਨ ਦੀਆਂ ਹੋਰ ਅਨੇਕਾਂ ਗਰਜ਼ਾਂ ਦੀ ਪੂਰਤੀ ਲਈ ‘ਧਰਮ’ ਨੂੰ ਵਰਤ ਕੇ, ਧਰਮ ਦੀ ਨਿਰਾਦਰੀ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿਚ, ਧਰਮ ਨੂੰ ‘ਮਾਇਕੀ ਵਪਾਰਕ’ ‘ਸਾਧਨ’ ਹੀ ਬਣਾ ਲਿਆ ਹੈ ਤੇ ਇਸ ਅਖੌਤੀ ਧਾਰਮਿਕ ਵਪਾਰ ਵਿਚ ਵੀ ‘ਸੌਦਾ ਬਾਜ਼ੀ’ ਨੂੰ ਇਨਾ ਵਧਾਇਆ ਹੈ ਕਿ ‘ਧਰਮ’ ਨੂੰ ‘ਬਹੁਤ ਮਹਿੰਗਾ’ ਤੇ ਆਮ, ਗਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿਤਾ ਹੈ।
ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉਚਾ ਚੁਕਣਾ ਸੀ, ਉਸ ਨੂੰ ਅਸੀਂ ਮਾਇਆ ਦੀ ‘ਰੰਗਤ’ ਚਾੜ੍ਹ ਕੇ (commercialize) ‘ਮਾਇਕੀ’ ਵਾਪਾਰ ਦਾ ਸਾਧਨ ਹੀ ਬਣਾ ਛਡਿਆ ਹੈ। ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਅਸੀਂ ਗੁਰਬਾਣੀ ਦੇ ਪਾਠ-ਪੂਜਾ, ਕੀਰਤਨ-ਕਥਾ, ਵਿਖਿਆਨ ਨੂੰ ਸਰੇ-ਆਮ, ਨਿਧੱੜਕ ਹੋ ਕੇ, ‘ਵੇਚਦੇ’ ਹਾਂ। ਉਹ ਭੀ ਮੁਕਾਬਲੇ ਨਾਲ ਮਹਿੰਗੇ ਮੁੱਲ।
ਇਹ ਉਚਾ ਸੁੱਚਾ ਧਰਮ, ਜਿਸ ਨੇ ਸਾਨੂੰ ਮਾਇਆ ਰੂਪੀ ‘ਸਰਪਨੀ’ ਤੋਂ ਬਚਾਉਣਾ ਤੇ ਛੁਡਾਉਣਾ ਸੀ, ਨੂੰ ਅਸੀਂ ‘ਮਾਇਆ’ ਦਾ ਹੀ ‘ਰੂਪ’ ਬਣਾ ਦਿੱਤਾ ਹੈ, ਅਤੇ ਹੁਣ ਇਹੋ ‘ਮਾਇਆ’ ਸਰਪਨੀ ਹੀ ਸਾਨੂੰ ਖਾ ਰਹੀ ਹੈ। ਛੁਡਾਵੈ ਕੌਣ?
ਪੱਛਮੀ ਵਿਦਿਆ ਦੇ ਮਾਇਕੀ ਸਭਿਅਤਾ ਦੇ ਅਸਰ ਹੇਠ, ਬਹੁਤੀ ਜਨਤਾ ਤਾਂ ਪ੍ਰਮੇਸ਼ਰ ਤੋਂ ਨਾਸਤਕ ਹੈ ਤੇ ‘ਧਰਮ’ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ।
ਜੇ ਕੋਈ ਜੀਵ ਪਿਛਲੇ ਸੰਸਕਾਰਾਂ ਜਾਂ ਹੁਣ ਦੇ ਵਾਤਾਵਰਣ ਦੇ ਹੇਠ, ਧਰਮ