ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥(ਪੰਨਾ-1371)
2. ਲਿਖਤੀ ਸੰਗਤ - ਕਹਾਵਤ ਹੈ ਕਿ ਕਿਸੇ ਬੰਦੇ ਦਾ ‘ਆਚਾਰ’ ਜਾਂਚਣ ਲਈ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸ ਦੇ ਸਰ੍ਹਾਣੇ ਪਈਆਂ ਕਿਤਾਬਾਂ ਦੇਖ ਲਵੋ। ਉਨ੍ਹਾਂ ਕਿਤਾਬਾਂ ਤੋਂ ਜ਼ਾਹਰ ਹੋ ਜਾਵੇਗਾ ਕਿ ਉਸ ਦੀ ‘ਰੁਚੀ’ ਯਾ ਮਨ ਦੀ ਰੰਗਤ ਕਿਹੋ ਜਿਹੀ ਹੈ।
ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸ ਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਯਾ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉਪਰੋਂ ਕਿਹੋ ਜਿਹਾ ਭੀ ਬਣਿਆ ਫਿਰੇ।
ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿਚ ਜਿਹੋ-ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਨ੍ਹਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਉਹੋ ਜਿਹਾ ਹੀ ਹੁੰਦਾ ਹੈ।
ਦੂਜੇ ਲਫ਼ਜ਼ਾਂ ਵਿਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਨ ਅਤੇ ਜੀਵਨ ਦੀ ਕਦਰ-ਕੀਮਤ ਨੂੰ ਪਰਖਣ ਦੀ ਕਸਵੱਟੀ ਹੈ।
ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ‘ਇਖਲਾਕ’ ਗਿਰਾਵਟ ਵੱਲ ਰੁੜ੍ਹਿਆ ਜਾ ਰਿਹਾ ਹੈ ਅਤੇ ਉਤਮ ਦੈਵੀ ਜੀਵਨ-ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘੱਟਦੀ ਜਾ ਰਹੀ ਹੈ।
ਮੰਗ ਅਤੇ ਪੂਰਤੀ (demand and supply) ਦੇ ਨਿਯਮ ਅਨੁਸਾਰ ਜਿਹੋ-ਜਿਹੀ ‘ਰੁਚੀ’ ਅਥਵਾ ‘ਮੰਗ’ ਹੁੰਦੀ ਹੈ, ਉਹੋ ਜਿਹਾ ਹੀ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ‘ਰੁਚੀ’ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਭੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ।