ਦੂਜੇ ਲਫਜ਼ਾਂ ਵਿਚ ਮੌਜੂਦਾ ਆਚਾਰ ਯਾ ਸ਼ਖਸੀਅਤ ਦੇ ਬਣਨ ਲਈ ਕਈ ਜਨਮਾਂ ਦੀ ਜੀਵਨ ਕ੍ਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਇਸ ਲਈ ਸਾਡੇ ‘ਆਚਾਰ’ ਯਾ ਸ਼ਖਸੀਅਤ ਦੇ ਬਦਲਣ ਲਈ ਭੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜ੍ਹਤਾ ਦੀ ਲੋੜ ਹੈ।
ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ।
ਉਹਨਾਂ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ।
ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ‘ਆਦਤ’ ਬਣ ਜਾਂਦੀ ਹੈ।
ਇਹ ਆਦਤ ਸਹਿਜੇ-ਸਹਿਜੇ ਅੰਤਿਸ਼ਕਰਨ ਵਿਚ ਉਤਰ ਕੇ, ‘ਸੁਭਾਉ’ ਯਾ ‘ਆਚਾਰ’ ਬਣ ਜਾਂਦਾ ਹੈ।
ਇਸ ਸਾਰੀ ਕ੍ਰਿਆ ਵਿਚ ਸੰਗਤ ਦੀ ਅਤਿਅੰਤ ਮਹੱਤਤਾ ਹੈ।
ਜੇਕਰ ਅਸੀਂ ਨੀਵੀਂਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵੱਸ਼ ਹੀ ਸਾਡੇ ਖਿਆਲ ਤੇ ਕਰਮ ਨੀਵੇਂ ਹੋਣਗੇ ਤੇ ਜੇਕਰ ਉੱਤਮ ਆਤਮਿਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਤੇ ਸਾਡਾ ਸੁਭਾਉ ਚੰਗੇਰਾ ਹੁੰਦਾ ਜਾਵੇਗਾ।
ਏਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ-
1. ਸ਼ਖਸੀ ਸੰਗਤ - ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ-ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ, ਉਹੋ ਜਿਹਾ ਹੀ ਸਾਡਾ ‘ਆਚਾਰ’ ਅਥਵਾ ਜੀਵਨ ਬਣ ਜਾਂਦਾ ਹੈ। ਕਿਉਂਕਿ ਦੋ ਸੰਗੀਆਂ ਵਿਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ‘ਰੰਗਤ’ ਦਾ ‘ਅਸਰ’ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇਕ-ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾਂ (mental vibrations) ਦਾ ਅਸਰ ਹੁੰਦਾ ਹੈ। ਕਿਉਂਕਿ ਦੁਨੀਆਂ ਵਿਚ ‘ਮਾਇਕੀ ਰੰਗਤ’ ਵਾਲਿਆਂ ਦੀ ਬਹੁਲਤਾ ਹੈ ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ, ਕਿ ਉਹ ਦੁਨੀਆਂ ਵਿਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ।