ਉਤਰਦਾ ਜਾਂਦਾ ਹੈ ਤੇ ਅਗਲੇਰੀ ਕ੍ਰਿਆ ਨੂੰ ਸੌਖਾ ਤੇ ਆਪ ਮੁਹਾਰਾ (spontaneous) ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਬਣਾ ਰਹੇ ਹਾਂ, ਜਿਨ੍ਹਾਂ ਨੂੰ ਮੇਟਣਾ ਕਠਿਨ ਹੈ।
ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ, ਆਪਣੀ ਅਮਿਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈਂ ਨਹੀਂ ਜਾਂਦਾ ਅਤੇ ਉਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿਚ ਭੁਗਤਣਾ ਹੀ ਪੈਂਦਾ ਹੈ।
ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ “ਚਲੋ ਅੱਜ ਦੇ ਪਿਆਲੇ (peg) ਨਾਲ ਕੀ ਫ਼ਰਕ ਪੈਣਾ ਹੈ”, ਪਰ ਉਸ ਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇਕ ਪਿਆਲੇ ਦਾ ਅਸਰ ਉਸ ਦੀਆਂ ਨਸਾਂ ਤੇ ਰਗੋ-ਰੇਸ਼ੇ ਤੇ ਆਪਣਾ ਅਮਿੱਟ ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸ ਦੀ ਅਗਲੇਰੀ ਰੁਚੀ ਜਗਾਉਣ ਵਿਚ ਪ੍ਰੇਰਕ ਤੇ ਸਹਾਇਕ ਬਣ ਕੇ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ।
ਇਕ ਹੋਰ ਉਦਾਹਰਨ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜ਼ਮੀਨ ਤੇ ਪਾਣੀ ਡੋਲ੍ਹਣ ਨਾਲ ਤੇ ਪਾਣੀ ਦੀ ਰੋੜ੍ਹ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਉਥੇ ਪਾਣੀ ਡੋਲ੍ਹਣ ਨਾਲ ਪਹਿਲਾਂ ਬਣੀ ਨਾਲੀ ਥਾਣੀ ਹੀ ਪਾਣੀ ਰੁੜ੍ਹੇਗਾ ਤੇ ਹਰ ਵਾਰੀ ਰੋੜ੍ਹ ਨਾਲ ਉਹ ਨਾਲੀ ਚੌੜੀ ਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਹਰ ਇਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿਚ ਰਾਹ ਜਾਂ ਨਾਲੀ (groove) ਅਥਵਾ ‘ਆਦਤ’ ਬਣਾਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਨ੍ਹਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ, ਸਾਡੇ ਆਚਾਰ (character) ਦਾ ਰੂਪ-ਰੰਗ ਧਾਰ ਲੈਂਦਾ ਹੈ - ਅਤੇ ਸਹਿਜ-ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਤੇ ਕਰਮਾਂ ਦੁਆਰਾ ਆਪ-ਮੁਹਾਰੇ ਪ੍ਰਗਟ ਹੋਣ ਲਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ (Personality) ਕਿਹਾ ਜਾਂਦਾ ਹੈ।
ਉਪਰਲੀ ਸਾਰੀ ਵਿਚਾਰ ਤ੍ਰੈ-ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿਚ ਸਾਡੇ ਮਨ ਦੇ ਖਿਆਲਾਂ ਦੀ ‘ਖੇਲ’ ਹੈ।