ਗੁਰਦੁਆਰਾ ‘ਬ੍ਰਹਮ ਬੁੰਗਾ ਸਾਹਿਬ’ ਵਿਖੇ ਕਿਸੇ ਵਿਅਕਤੀ, ਸਾਧ, ਸੰਤ, ਮਹੰਤ ਦਾ ਕਬਜ਼ਾ ਨਹੀਂ ਹੈ। ਏਥੋਂ ਦਾ ਸਾਰਾ ਪ੍ਰਬੰਧ ‘ਬ੍ਰਹਮ ਬੁੰਗਾ ਟ੍ਰਸਟ’, ਦੋਦੜਾ (ਰਜਿਸਟਰਡ) ਚਲਾ ਰਿਹਾ ਹੈ।
ਗੁਰਬਾਣੀ ਦੇ ਆਤਮਿਕ ਪੱਖ ਦੇ ਅੰਤੀਵ ਭੇਦਾਂ ਤੇ ਭਾਵਾਂ ਤੋਂ ਆਮ ਜਨਤਾ ਦੀ ਅਗਿਆਨਤਾ ਅਤੇ ਬੇ-ਪ੍ਰਵਾਹੀ ਨੂੰ ਦੇਖ ਕੇ ਦਾਸ ਦੇ ਅੰਤਰ- ਆਤਮੇ ਦੁੱਖ ਹੁੰਦਾ ਸੀ ਅਤੇ ‘ਹਉਕਾ’ ਆਉਂਦਾ ਸੀ ਕਿ “ਹਾਇ ! ਇਸ ਇਲਾਹੀ ਬਾਣੀ ਦੇ ਉੱਚੇ-ਸੁੱਚੇ ਆਤਮਿਕ ਭਾਵਾਂ, ਆਤਮਿਕ ਰੰਗ-ਰਸ, ਗੁਹਜ ਸਿਧਾਂਤਾਂ ਅਤੇ ‘ਤੱਤ-ਗਿਆਨ’ ਤੋਂ ਜਨਤਾ ਵਾਂਝੀ ਜਾ ਰਹੀ ਹੈ।”
ਧਰਤੀ ਦੇ ਧੁਰ ਅੰਦਰ ‘ਤੱਤ-ਅਗਨੀ’ ਧੁਖਦੀ ਰਹਿੰਦੀ ਹੈ ਤੇ ਜਦ ਉਹ ਤੀਬਰ ਹੋ ਕੇ ਉਬਲਦੀ ਹੈ, ਤਾਂ ਧਰਤੀ ਕੰਬਦੀ ਹੈ, ਜਿਸ ਨੂੰ ਅਸੀਂ ‘ਭੁਚਾਲ’ ਆਖਦੇ ਹਾਂ। ਪਰ, ਜਦ ਇਹ ਅੰਦਰਲੀ ਤੱਤ-ਅਗਨੀ ਦਾ ਭਾਂਬੜ ਅਤਿਅੰਤ ਦਾਮਨਿਕ ਸ਼ਕਤੀ ਦੁਆਰਾ, ਧਰਤੀ ਪਾੜ ਕੇ ਬਾਹਰ ਨੂੰ ‘ਫੁੱਟਦਾ’ ਹੈ ਤਾਂ ਉਸ ਨੂੰ ਜਵਾਲਾ-ਮੁਖੀ ਦਾ ‘ਫੁਟਣਾ’ ਕਹੀਦਾ ਹੈ। ਜਿਸ ਵਿਚੋਂ ਅਗਨੀ ਦਾ ‘ਲਾਵਾ’ (lava) ਉਛਲ ਕੇ ਬਾਹਰ ਨੂੰ ਚਾਰ- ਚੁਫੇਰੇ ਫੈਲਦਾ ਹੈ।
ਇਸੇ ਤਰ੍ਹਾਂ, ਕਿਸੇ ਗੁਰਮੁਖ ਪਿਆਰੇ ਦੀ ਲਾਈ ਹੋਈ ਗੁਰਬਾਣੀ ਦੀ ‘ਚਿਣਗ’ ਸਾਡੇ ਹਿਰਦੇ ਵਿੱਚ ਸਹਿਜੇ-ਸਹਿਜੇ ਮੱਘਦੀ ‘ਭਾਂਬੜ’ ਬਣਦੀ ਗਈ, ਅਤੇ ਇਹ ਅੰਤ੍ਰੀਵ ਆਤਮਿਕ ‘ਭਾਂਬੜ’ ਦੀ ਦਾਮਣੀ ਸ਼ਕਤੀ ਦੇ ਜ਼ਬਰਦਸਤ ‘ਵੇਗ’ ਵਿੱਚ ਉਬਲਦੀ, ਉਛਲਦੀ, ਗਰਜਦੀ ਅਤੇ, ‘ਫੁਟਦੀ’ ਰਹੀ[ ਇਸੇ ਆਤਮਿਕ ਸ਼ਕਤੀ ਦੇ ਜ਼ੋਰਦਾਰ ਵੇਗ ਦੀ ਪ੍ਰੇਰਨਾ ਅਤੇ ਰੋੜ੍ਹ ਵਿੱਚ, ਇਹ ਸੱਰੇ-ਸੁੱਚੇ, ਜੀਉਂਦੇ ਜਾਗਦੇ, ਸਤਿਸੰਗ ਸਮਾਗਮ ਚਲ ਰਹੇ ਹਨ, ਅਤੇ ‘ਬ੍ਰਹਮ ਬੁੰਗਾ ਸਾਹਿਬ’ ਦਾ ਕੇਂਦਰੀ ਸਤਿਸੰਗ ਅਸਥਾਨ ‘ਹੋਂਦ’ ਵਿੱਚ ਆਇਆ ਹੈ, ਜਿਸ ਵਿੱਚ ਗੁਰਬਾਣੀ ਦੀ ‘ਅੰਤ੍ਰੀਵ ਆਤਮਿਕ ਭਾਵਨਾ’ ਅਤੇ ‘ਪ੍ਰੇਮ ਸਵੈਪਨਾ ਵਾਲੀ’ ‘ਪ੍ਰੇਮਾ-ਭਗਤੀ’ ਦੀਆਂ ਦਾਮਨਿਕ ਲਹਿਰਾਂ ਦਾ ਪ੍ਰਵੇਸ਼ ਹੋ ਰਿਹਾ ਹੈ।
ਇਹ ਸਾਡਾ ਅੰਤ੍ਰੀਵ ਆਤਮਿਕ ‘ਹਉਕਾ’ ਯਾ ‘ਲਗਨ’, ਇਤਨਾ ਤੀਬਰ ਹੁੰਦਾ ਗਿਆ, ਕਿ ਜ਼ਬਰਦਸਤ ‘ਆਤਮਿਕ-ਲਹਿਰ’ ਦੀ ਸ਼ਕਲ ਧਾਰ ਗਿਆ, ਜੋ ਸਾਡੇ ਸਰੀਰਕ, ਮਾਨਸਿਕ ਅਤੇ ਬੁੱਧੀ ਦੀ ਸੀਂਮਾ ਅੰਦਰ ‘ਸਮਾ’ ਨ ਸਕਿਆ। ਇਸ ਤਰ੍ਹਾਂ ਇਹ ਦਾਮਨਿਕ ‘ਹਉਕਾ’ ਸਾਡੇ ਆਪੇ ਵਿਚੋਂ ਸਫੁੱਟਤ ਹੋ ਕੇ, ‘ਜਵਾਲਾ-ਮੁਖੀ’ ਵਾਂਗ, ‘ਗੁਰਬਾਣੀ ਵਿਚਾਰੁ’ ਦੀ ਲੜੀ ਦੇ ‘ਲੇਖਾਂ’ ਰਾਹੀਂ ਲਾਵਾ (lava) ਬਣ ਕੇ ਪ੍ਰਕਾਸ਼ਤ ਅਤੇ ਪ੍ਰਗਟ ਹੋ ਰਿਹਾ ਹੈ।