ਜਾਂਦੇ ਸਨ। ਸਹਿਜੇ ਸਹਿਜੇ ਇਹਨਾਂ ਸਮਾਗਮਾਂ ਦਾ ਵਿਸਥਾਰ ਹੁੰਦਾ ਗਿਆ, ਅਤੇ ਪੰਜਾਬ ਤੋਂ ਇਲਾਵਾ, ਹਰਿਆਣਾ, ਦਿੱਲੀ, ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਕੈਨੇਡਾ, ਅਮਰੀਕਾ, ਇੰਗਲੈਂਡ, ਕੀਨੀਆ, ਮਲੇਸ਼ੀਆ, ਸਿੰਘਾਪੁਰ, ਆਸਟਰੇਲੀਆ ਤਾਈਂ ਫੈਲ ਗਏ। ਇਹ ਸਮਾਗਮ ਲਗਭਗ 60 ਸਾਲਾਂ ਤੋਂ ਚੱਲ ਰਹੇ ਹਨ ਅਤੇ ਬੜੀਆਂ ਚੜ੍ਹਦੀਆਂ ਕਲਾਂ ਵਿੱਚ ਹੁੰਦੇ ਹਨ। ਇਹਨਾਂ ਸਮਾਗਮਾਂ ਵਿੱਚ ਨਿਰੋਲ ਗੁਰਬਾਣੀ ਦਾ ਕੀਰਤਨ, ਕਥਾ, ਵਿਆਖਿਆ ਕੀਤੀ ਜਾਂਦੀ ਹੈ ਅਤੇ ਗੁਰਬਾਣੀ ਦੇ ਅੰਤ੍ਰੀਵ ਭਾਵਾਂ ਨੂੰ ਦਰਸਾਇਆ ਜਾਂਦਾ ਹੈ। ਗੁਰਬਾਣੀ ਦੇ ਆਸ਼ੇ ਤੋਂ ਬਗੈਰ ਹੋਰ ਕਿਸੇ ਵਿਸ਼ੇ ਬਾਬਤ, ਕੋਈ ਵਿਚਾਰ ਨਹੀਂ ਕੀਤੀ ਜਾਂਦੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਸਮਾਗਮ ‘ਆਤਮ ਪ੍ਰਕਾਸ਼’ ਅਤੇ ‘ਪ੍ਰੇਮ- ਸਵੈਪਨਾ’ ਦੀਆਂ ਜਿਉਦੀਆਂ-ਜਾਗਦੀਆਂ ‘ਲਹਿਰਾਂ’ ਦੇ ਪ੍ਰਭਾਵ ਵਿੱਚ ਦੋ ਦਿਨਾਂ ਲਈ ਹੁੰਦੇ ਹਨ।
ਪਿੰਡ ਦੋਦੜਾ, ਤਹਿਸੀਲ ਬੁਢਲਾਡਾ, ਜ਼ਿਲਾ ਮਾਨਸਾ ਵਿਖੇ, ਸਤਿਸੰਗ ਦਾ ਕੇਂਦਰੀ ਅਸਥਾਨ, ‘ਬ੍ਰਹਮ ਬੁੰਗਾ ਸਾਹਿਬ’ ਬਣ ਗਿਆ ਹੈ। ਜਿਥੇ ਹਰ ਤੀਸਰੇ ਮਹੀਨੇ ਅੱਠ ਦਿਨਾਂ ਦੇ ਵੱਡੇ ਸਮਾਗਮ ਹੁੰਦੇ ਹਨ। ਪਰ ਦਸੰਬਰ ਦੇ ਅਖੀਰ ਵਿਚ 10 ਦਿਨਾਂ ਦਾ ਖ਼ਾਸ ਸਲਾਨਾ ਸਮਾਗਮ ਹੁੰਦਾ ਹੈ। ਇਹਨਾਂ ਸਮਾਗਮਾਂ ਵਿੱਚ ਬੇ ਅੰਤ ਅਭਿਲਾਖੀ ਸੰਗਤਾਂ ਦਸਾਂ-ਪ੍ਰਦੇਸਾਂ ਤੋਂ ਆਉਂਦੀਆਂ ਹਨ।
ਗੁਰਦੁਆਰਾ ‘ਬ੍ਰਹਮ ਬੁੰਗਾ ਸਾਹਿਬ’ ਵਿੱਚ ਨਾਮ-ਸਿਮਰਨ, ਨਿੱਤ-ਨੇਮ, ਗੁਰਬਾਣੀ ਦਾ ਪਾਠ, ਗੁਰਬਾਣੀ-ਵਿਚਾਰ ਤੇ ਇਲਾਹੀ ਕੀਰਤਨ ਰੋਜ਼ਾਨਾ ਹੁੰਦਾ ਹੈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਇਹਨਾਂ ਸਾਰਿਆਂ ਸਮਾਗਮਾਂ ਵਿੱਚ ਅਭਿਲਾਖੀ ਪ੍ਰਾਣੀਆਂ ਨੂੰ ਪੰਜਾਂ ਪਿਆਰਿਆਂ ਦੁਆਰਾ ਗੁਰਮਤਿ ਅਨੁਸਾਰ ‘ਅਮ੍ਰਿਤ- ਪਾਨ’ ਕਰਾਇਆ ਜਾਂਦਾ ਹੈ। ਅੱਜ ਤਾਈਂ ਅਣਗਿਣਤ ਪ੍ਰਾਣੀ ‘ਗੁਰੂ ਕੇ ਜਹਾਜ਼ੇ’ ਚੜ੍ਹ ਚੁੱਕੇ ਹਨ।
ਹਰ ਸਮਾਗਮ ਵਿੱਚ ‘ਨਾਮ’ ਬਾਣੀ ਦੀ ‘ਅਕੱਲ ਕਲਾ’, ‘ਰੁਣ-ਝੁਣ’, ‘ਪ੍ਰੇਮਾ-ਭਗਤੀ’ ਅਤੇ ਸੇਵਾ-ਭਾਵਨੀ ਦੀ ‘ਛੋਹ’ ਨਾਲ ਕਈਆਂ ਜਗਿਆਸੂਆਂ ਦੀਆਂ ਰੂਹਾਂ ‘ਟੁੰਬੀਆਂ’ ਜਾਂਦੀਆਂ ਹਨ ਅਤੇ ਆਤਮਿਕ ‘ਰੰਗ-ਰਸ’ ਵਿੱਚ ਸਰਸ਼ਾਰ ਹੋ ਕੇ ਅਲਮਸਤ-ਮਤਵਾਰੇ ਹੋ ਜਾਂਦੀਆਂ ਹਨ। ਇਹ ਅਚਰਜ ‘ਆਤਮਿਕ ਕੌਤਕ’ ਉਹਨਾਂ ਦੇ ਜੀਵਨ ਵਿੱਚ ਨਵੀਨ ਆਤਮਿਕ ਤਜਰਬਾ ਹੁੰਦਾ ਹੈ, ਜਿਸ ਨਾਲ ਉਹਨਾਂ ਨੂੰ ਨਵੀਂ ਆਤਮਿਕ ‘ਜੀਵਨ-ਸੇਧ’ ਮਿਲਦੀ ਹੈ, ਅਤੇ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ।