ਛੋਟੀ ਉਮਰ ਵਿੱਚ ਹੀ ਕਿਸੇ ਗੁਰਮੁਖ ਪਿਆਰੇ ਨੇ ਸਾਨੂੰ ਗੁਰਬਾਣੀ ਵੱਲ ਲਾਇਆ ਸੀ। ਜਿਉਂ-ਜਿਉਂ ਗੁਰਬਾਣੀ ਦਾ ਅਧਿਐਨ ਅਤੇ ਖੋਜ ਕਰਦੇ ਗਏ, ਤਿਉਂ-ਤਿਉਂ ਸਾਨੂੰ ਮਹਿਸੂਸ ਹੁੰਦਾ ਗਿਆ ਕਿ ਅਸੀਂ ਬਾਣੀ ਦੇ ਐਤ੍ਰੀਵ ਭਾਵਾਂ ਅਤੇ ਗੁਹਜ ਸਿਧਾਂਤਾਂ ਨੂੰ ਬੁੱਝ, ਸਿੱਝ ਨਹੀਂ ਸਕੇ। ਇਸੇ ਲਈ ਅਸੀਂ 'ਧੁਰ-ਕੀ- ਬਾਣੀ' ਦੀ ਕਦਰ ਕੀਮਤ ਪਾਉਣ ਤੋਂ ਅਸਮਰਥ ਹਾਂ।
ਇਸ ਅਸਮਰਥਤਾ ਦਾ ਕਾਰਣ ਇਹ ਹੈ ਕਿ ਬਾਣੀ ਇਲਾਹੀ ਮੰਡਲ ਵਿੱਚੋਂ ਉਤਰੀ ਹੈ, ਅਤੇ ਇਸ ਵਿੱਚ ਅਸਚਰਜ ਆਤਮ ਪ੍ਰਕਾਸ਼ ਦੇ ਭੇਦ, ‘ਤੱਤ ਗਿਆਨ’ ਦੇ ਉਦੇਸ਼ ਭਰਪੂਰ ਹਨ, ਜਿਸ ਨੂੰ ਅਨੁਭਵੀ ਗਿਆਨ ਦੁਆਰਾ ਹੀ ਬੁਝਿਆ, ਜਾਣਿਆ ਤੇ ਮਾਣਿਆ ਜਾ ਸਕਦਾ ਹੈ, ਇਹ ਤੱਤ ਗਿਆਨ ਸਾਡੀ ਅਲਪ ਬੁੱਧੀ ਦੀ ਸਮਝ ਤੇ ‘ਪਕੜ’ ਤੋਂ ਪਰ੍ਹੇ ਹੈ।
ਇਹੀ ਕਾਰਣ ਹੈ ਕਿ ਸਾਡੀ ਕਹਿਣੀ, ਰਹਿਣੀ-ਬਹਿਣੀ, ਅਤੇ ਕਮਾਉਣੀ ਗੁਰਬਾਣੀ ਦੇ ਅੰਤੀਵ ਆਤਮਿਕ ਆਸ਼ੇ ਤੋਂ ਦੁਰਾਡੇ ਯਾ ਉਲਟ ਹੈ। ਜਿਸ ਗੁਰਬਾਣੀ ਨੂੰ ਅਸੀਂ ‘ਇਸ਼ਟ‘ ਅਤੇ ‘ਗੁਰੂ’ ਮੰਨਦੇ ਹਾਂ ਉਸ ਟੋ ਉਦੇਸ਼ ਅਤੇ ਉਪਦੇਸ਼ਾਂ ਦੇ ‘ਆਤਮਿਕ ਪੱਖਾਂ’ ਨੂੰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾ ਨਹੀਂ ਰਹੇ। ਜਿਸ ਕਾਰਣ ਸਾਡਾ ਹਉਮੈ-ਵੇੜਿਆ ਮਨ ਮਾਇਕੀ ਰੰਗਤ ਵਿੱਚ ਗਲਤਾਨ ਹੋ ਰਿਹਾ ਹੈ, ਅਤੇ ਅਸੀਂ "ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ" ਵਾਲਾ ਜੀਵਨ ਬਤੀਤ ਕਰ ਰਹੇ ਹਾਂ।
ਗੁਰੂ ਬਾਬੇ ਨੇ ਅੱਜ ਤੋਂ 500 ਸਾਲ ਪਹਿਲਾਂ, ਉਸ ਵੇਲੇ ਦੀ ਦੁਨਿਆਵੀ ਹਾਲਤ ਨੂੰ ਇਉਂ ਬਿਆਨ ਕੀਤਾ ਹੈ :-
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (ਪੰਨਾ 145)