ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕੋਈ:
ਵਿਉਂਤ ਨਹੀਂ ਕੀਤੀ
ਮੰਗ ਨਹੀਂ ਕੀਤੀ
ਘਾਲਣਾ ਨਹੀਂ ਘਾਲੀ
ਕੀਮਤ ਨਹੀਂ ਦਿਤੀ।
ਜਦ ਕਦੀ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿਚ ‘ਧੁੱਪ’ ਜਾਂ ਧੁੱਪ ਦੇ ਸੋਮੇ ‘ਸੂਰਜ’ ਦਾ ਕੋਈ ਦੋਸ਼ ਨਹੀਂ।
ਜਦ ਅਸੀਂ ਕਿਸੇ ਵਜ੍ਹਾ ਨਾਲ ‘ਧੁੱਪ’ ਤੋਂ ਓਹਲੇ ਹੋ ਜਾਂਦੇ ਹਾਂ ਤਾਂ ‘ਧੁੱਪ’ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਜਾਂਦੇ ਹਾਂ। ਜਦ ਫੇਰ ਧੁੱਪ ਦੇ ਪ੍ਰਕਾਸ਼ ਵਿਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫੇਰ ‘ਧੁੱਪ’ ਦੀ ਸੁਖਦਾਈ ਨਿੱਘ ਅਤੇ ਚਾਨਣ ਮਾਣਦ ਹਾਂ।
ਹਨੇਰੇ ਵਿਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿਚ ਪੇਸ਼ ਕਰਨਾ ਹੀ ਸਾਡਾ ‘ਜਤਨ’ ਹੈ।
ਜਦ ਅਸੀਂ ਅਕਾਲ ਪਰਖ ਦੀ ਹਜ਼ੂਰੀ ਅਥਵਾ ‘ਯਾਦ’ ਵਿਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਤੇ ਅਸੀਂ ਅਲੌਕਿਕ ਇਲਾਹੀ ਹਜੂਰੀ ਦਾ ਨਿੱਘ ਅਤੇ ਰਸ ਦਾ ਰੰਗ ਮਾਣਦੇ ਹਾਂ।
ਐਨ ਇਸ ਦੇ ਉਲਟ ਜਦ ਸਾਡਾ ਮਨ ਆਪਣੇ ਸੋਮੇ ‘ਅਕਾਲ ਪੁਰਖ’ ਤੋਂ ਬੇਮੁਖ ਹੋ ਕੇ ‘ਭੁੱਲ’ ਵਿਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਭਰਮ ਦੇ ਹਨੇਰੇ ਕਾਰਣ ਦੁਖ-ਕਲੇਸ਼ ਭੋਗਦੇ ਹਾਂ।