ਮਨਮੁਖਿ ਅਸਥਿਰੁ ਨਾ ਥੀਐ
ਮਰਿ ਬਿਨਸਿ ਜਾਇ ਖਿਨ ਵਾਰ॥(ਪੰਨਾ-1417)
ਇਸੇ ‘ਰੋਲ-ਘਚੋਲੇ’ ਕਾਰਣ ਸਾਡਾ ਮਨ ਅੰਤਰਮੁਖੀ ਦਿੱਬਦ੍ਰਿਸ਼ਟੀ ਦੁਆਰਾ ਆਤਮਿਕ ਜੋਤ ਦੇ ‘ਦਰਸ਼ਨ’ ਨਹੀਂ ਕਰ ਸਕਦਾ ਤੇ ‘ਅਨਹਦ ਤਤ ਸਬਦ’ ਦੀ ‘ਧੁਨੀ’ ਸੁਨਣ ਤੋਂ ਅਸਮਰਥ ਰਹਿੰਦਾ ਹੈ। ਇਸ ਤਰ੍ਹਾਂ ਆਪਣੇ ਵਿਰਸੇ ਦੀ ਆਤਮਿਕ ਸ਼ਾਂਤੀ, ਰੰਗ, ਰਸ ਚਾਉ, ਪ੍ਰੇਮ ਸਵੈਪਨਾ ਤੋਂ ਵਾਂਝਿਆ ਜਾਂਦਾ ਹੈ। ਦੁਖ ਦੀ ਗਲ ਇਹ ਹੈ ਕਿ ਅਸੀ ਗੁਰਬਾਣੀ ਦੇ ਇਹੋ ਜਿਹੇ ਤੀਖਣ, ਤਾੜਨਾਮਈ ਉਪਦੇਸ਼ ਪੜ੍ਹ, ਸੁਣ, ਗਾ ਕੇ ਵੀ ‘ਮਾਇਆ ਦੀ ਰੰਗਤ’ ਵਿਚ ਗਲਤਾਨ ਹੋ ਕੇ ਅਗਿਆਨਤਾ ਵਿਚ ਫਸੇ ਹੋਏ ਹਾਂ ਅਤੇ ਗੁਰਮਤਿ ਤੋਂ ਅਣਜਾਣ ਅਵੇਸਲੇ ਢੀਠ ਹੋ ਜੇ ਆਪਣਾ ਅਮੋਲਕ ਜੀਵਨ ਮਾਇਆ ਦੇ ‘ਝੂਠੇ ਲਿਸ਼ਕਾਰੇ’ ਵਿਚ ਅਜਾਈਂ ਗਵਾ ਰਹੇ ਹਾਂ।
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥(ਪੰਨਾ-67)
ਮਾਇਆ ਮੋਹ ਮਹਾ ਸੰਕਟ ਬਨ
ਤਾ ਸਿਉ ਰੁਚ ਉਪਜਾਵੈ॥(ਪੰਨਾ-220)
‘ਮਾਇਆਧਾਰੀ’ ਜੀਵਾਂ ਦੇ ਖਿਆਲ, ਲੋੜਾਂ, ਖਾਹਸ਼ਾਂ, ਨਿਸਚੇ ਭਿੰਨ-ਭਿੰਨ ਹੋਣ ਕਾਰਣ ਆਪਸ ਵਿਚ ਰੋਸੇ ਗਿੱਲੇ, ਈਰਖਾ-ਦਵੈਤ, ਵੈਰ-ਵਿਰੋਧ ਆਦਿ ਭਾਵਨਾ ਹੋਣੀਆਂ ਲਾਜ਼ਮੀ ਹਨ, ਜਿਸ ਕਾਰਣ ਇਹਨਾ ਦੇ ਮਨ ਵਿਚ ਖਿੱਚੋਤਾਣ, ‘ਰੋਲ-ਘਚੋਲਾ’ ਅਥਵਾ ਦੂਜੇ ਭਾਉ ਦਾ ‘ਭੜਥੂ’ ਮਚਿਆ ਰਹਿੰਦਾ ਹੈ। ਐਸੇ ਮਾਇਕੀ ਮਨ ਦੇ ‘ਰੋਲ-ਘਚੋਲਾ’ ਅਥਵਾ ‘ਭੜਥੂ’ ਦੇ ਰਾਮ ਰੌਲੇ ਵਿਚ ਸਬਦ ਦੀ ਧੁਨੀ ਸੁਣ ਨਹੀਂ ਸਕਦੀ ਅਤੇ ਨਾ ਹੀ ਅੰਤ੍ਰ-ਆਤਮੇ ਇਲਾਹੀ ਜੋਤ ਦੇ ‘ਦਰਸ਼ਨ’ ਹੋ ਸਕਦੇ ਹਨ।
ਤਦੇ ਗੁਰਬਾਣੀ ਸਾਡੇ ਲਾਈ ਇਹ ਉਪਦੇਸ਼ ਕਰਦੀ ਹੈ -
ਤਾ ਕੈ ਨਿਕਟਿ ਨ ਆਵੈ ਮਾਈ॥(ਪੰਨਾ-182)
ਸਤਿਗੁਰਿ ਤੁਮਰੇ ਕਾਜ ਸਵਾਰੇ॥(ਪੰਨਾ-201)
ਸਾਧ ਸੰਗਿ ਮਾਇਆ ਤਰੈ॥(ਪੰਨਾ-213)
ਬਿਨਸਿ ਜਾਇ ਮਾਇਆ ਕੇ ਹੇਤ॥(ਪੰਨਾ-238)