ਇਸ ਦੇ ‘ਉਲਟ’ ਜਦ ਸਾਡੇ ਹਉਮੈ ਵੇੜੇ ਮਨ ਉਤੇ ਅਨੇਕਾਂ ਕਿਸਮ ਦੀ ਮਾਇਕੀ ਪਾਣ ਚੜ੍ਹੀ ਹੋਵੇ ਤਾਂ ਇਹ ਮਨ ਆਤਮਿਕ ਜੋਤ ਸਰੂਪੀ ‘ਚਾਨਣ’ ਤੋਂ ਵਾਂਝਾ ਹੋ ਕੇ ਮਾਇਆ ਦੇ ਹਨੇਰੇ ਵਿਚ, ਵਿਚਰਦਾ ਹੈ। ਆਤਮਿਕ ‘ਅਨੁਭਵੀ ਗਿਆਨ’ ਤੋਂ ‘ਅੰਨਾ-ਬੋਲਾ’ ਹੋ ਕੇ ਮਾਇਆ ਦੇ ਹਨੇਰੇ ਵਿਚ, ਹਉਮੈ ਦੇ ਅਧਾਰ ਤੇ ਹੀ ਸੋਚਦਾ ਤੇ ਕਰਮ ਕਰਦਾ ‘ਝੂਠੈ ਧੰਧੈ ਮੋਹੁ’ ਵਿਚ ਪਲਚ-ਪਲਚ ਕੇ ਦੁਖ ਕਲੇਸ਼ ਭੋਗਦਾ ਅਤੇ ਜਨਮ-ਮਰਣ ਦੇ ਅਤੁੱਟ ਚੱਕਰ ਵਿਚ ਫਸਿਆ ਰਹਿੰਦਾ ਹੈ।
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰਹਿ ਪੁਕਾਰ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥(ਪੰਨਾ-30)
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ
ਡੁਬੇ ਹਰਿ ਨਾਮੁ ਵਿਸਾਰਿ॥(ਪੰਨਾ-89)
ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ
ਅਹੰਕਾਰਿ ਭਾਰਿ ਲਦਿ ਲੀਜੈ॥(ਪੰਨਾ-1326)
ਜੇ ਗਹੁ ਨਾਲ ਤਕੀਏ ਤਾਂ ਸਾਡਾ ‘ਮਨ’ ਪਾਰੇ ਵਾਂਗ ਇਕ ਖਿਨ ਭੀ ਟਿਕ ਨਹੀਂ ਸਕਦਾ। ਹਰ ਖਿਨ ਇਹ ਮਾਇਕੀ ‘ਦੂਜੇ ਭਾਉ’ ਦੇ ਅਸਰ ਹੇਠ ਲਬ, ਲੋਭ, ਕਾਮ ਕਰੋਧ, ਮੋਹ ਆਦਿ ਦੀਆਂ ਵਾਸ਼ਨਾਵਾਂ ਦਾ ਪਰੇਰਿਆ ਹੋਇਆ ਫਿਕਰ, ਚਿੰਤਾ, ਈਰਖਾ, ਦਵੈਤ ਵਿਚ ਗਲਤਾਨ ਰਹਿੰਦਾ ਅਤੇ ਕਰਮ ਕਰਦਾ ਹੈ। ਜਦੋਂ ਕੰਮਾਂ-ਕਾਰਾਂ ਤੋਂ ਵਿਹਲਾ ਹੋ ਕੇ ਸੋਂਦਾ ਹੈ ਤਾਂ ਨੀਂਦ ਵਿਚ ਭੀ ਸੁਪਨੇ ਚੈਨ ਨਹੀਂ ਲੈਣ ਦਿੰਦੇ, ਕਿਉਂਕਿ ਇਸ ਵਿਚ ਪਜਾਂ ਦੀਆਂ ਰਚੀਆਂ ਹੋਈਆਂ ਅਨੇਕਾਂ ਕਿਸੁਮਾਂ ਦੀਆਂ ਵਾਸ਼ਨਾਵਾਂ ਦਾ ‘ਭੜਥੂ’ ਤੇ ‘ਰੋਲ-ਘਚੋਲਾ’ ਪਿਆ ਰਹਿੰਦਾ ਹੈ।
ਕਹੁ ਕੈਸੇ ਗੁਨ ਗਾਵੈ॥(ਪੰਨਾ-219)
ਲੋਭੀ ਜੀਅਣਾ ਥਿਰ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥(ਪੰਨਾ-876)
ਮਾਇਆ ਮੋਹਿ ਬਧਾ ਜਮਕਾਲੇ॥(ਪੰਨਾ-1060)