ਸਬਦੁ ਨ ਸੁਣਈ ਬਹੁ ਰੋਲ ਘਚੋਲਾ॥(ਪੰਨਾ-313)
ਇਸ ਪੰਗਤੀ ਵਿਚ ਕੇਂਦਗੇ ਨੁਕਤਾ ਹੈ ‘ਮਾਇਆ’, ਜਿਸ ਦੀ ਡੂੰਘੀ ਵਿਚਾਰ ਕਰਨ ਦੀ ਲੋੜ ਹੈ।
ਪ੍ਰਚਲਤ ਖਿਆਲਾਂ ਅਨੁਸਾਰ ਸਿਰਫ਼ ਰੁਪਏ, ਨਕਦੀ, ਸੋਨੇ, ਚਾਂਦੀ ਆਦਿ ਨੂੰ ਹੀ ‘ਮਾਇਆ’ ਸਮਝਿਆ ਜਾਂਦਾ ਹੈ। ਪਰ ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਸਾਡੀ ਇਹ ਵਿਚਾਰ ਅਧੂਰੀ ਅਤੇ ਇਕ ਪੱਖੀ ਪ੍ਰਤੀਤ ਹੋਵੇਗੀ।
‘ਮਾਇਆ’ ਦੇ ਕਈ ਰੰਗ-ਰੂਪ ਅਤੇ ਪੱਖ ਹਨ :-
1. ਜੜ੍ਹ ਮਾਇਆ - ‘ਜੜ੍ਹ ਮਾਇਆ’ ਵਿਚ ਉਹ ਸਭ ਚੀਜ਼ਾਂ ਆਉਂਦੀਆ ਹਨ, ਜਿਨ੍ਹਾਂ ਵਿਚ ਚੇਤਨਤਾ (Consciousness) ਨਾ ਹੋਵੇ, ਜਿਸ ਤਰ੍ਹਾਂ, ਧਰਤੀ, ਮਕਾਨ, ਧਾਤਾਂ, ਸੋਨਾ, ਚਾਂਦੀ ਆਦਿ।
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ॥
ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ॥
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ॥(ਪੰਨਾ-155)
2. ਚੇਤਨ ਮਾਇਆ - ‘ਚੇਤਨ ਮਾਇਆ’ ਉਹ ਜੀਵ ਹਨ, ਜਿਨ੍ਹਾਂ ਵਿਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ, ਜਿਸ ਤਰ੍ਹਾਂ ਕਿ ਪਸ਼ੂ, ਪੰਛੀ, ਇਨਸਾਨ ਆਦਿ। ਇਨ੍ਹਾਂ ਦੀ ਚੇਤਨਤਾ ਭਿੰਨ-ਭਿੰਨ ਦਰਜੇ ਦੀ ਹੰਦੀ ਹੈ। ਇਹ ‘ਚੇਤਨਤਾ’ ਕੁਦਰਤ ਅਨੁਸਾਰ ਹਰ ਇਕ ਕਿਸਮ ਦੇ ਜੀਵਾਂ ਵਿਚ ‘ਸੀਮਤ’ ਹੁੰਦੀ ਹੈ। ਪਰ ਇਨਦਾਨ ਦੀ ਚੇਤਨਤਾ ਅਤੇ ਬੁੱਧੀ ਸੀਮਤ ਨਹੀਂ, ਇਹ ਬੇਅੰਤ ਦਰਜੇ ਤਾਂਈ ਵਿਕਸਿਤ ਹੋਣ ਦੀ ਸ਼ਕਤੀ ਰਖਦੀ ਹੈ। ਇਸੇ ‘ਸੂਖਮ ਚੇਤਨਤਾ’ ਅਤੇ ਤੀਖਣ ਬੁੱਧੀ ਕਾਰਨ ਇਨਸਾਨ ਮੋਹ-ਮਮਤਾ ਵਿਚ ਗਲਤਾਨ ਹੋਇਆ ਰਹਿੰਦਾ ਹੈ।
ਮਨਮੁਖਿ ਅੰਧਾ ਆਵੈ ਜਾਇ॥(ਪੰਨਾ-161)