‘ਜੀਵਨ-ਰੌਂ’ ਅਤੇ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ, ਵੱਧਦਾ, ਪ੍ਰਫੁਲਤ ਹੁੰਦਾ ਹੋਇਆ, ਜੋਬਨ, ਪਿਆਰ-ਖਿੱਚ ਦੁਆਰਾ ਆਪਣਾ ‘ਆਪਾ’ ਵੰਡਦਾ, ਖਲੇਰਦਾ, ਦਾਨ ਕਰਦਾ, ਸੇਵਾ ਕਰਦਾ ਹੋਇਆ, ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਤੇ ਬਖਸ਼ਿਸ਼ਾਂ ਦਾ ਵਿਕਾਸ, ਪ੍ਰਕਾਸ਼, ਪ੍ਰਗਟਾਵਾ, ਇਸ਼ਤਿਹਾਰ, ਪ੍ਰਚਾਰ ਕਰਦਾ ਹੋਇਆ ਸਹਿਜੇ ਹੀ, ਅਣਜਾਣੇ ਹੀ, ਅਛੋਪ ਹੀ, ਅਣਡਿਲੇ ਹੀ, ਆਪ ਮੁਹਾਰੇ ਹੀ, ਹਉਂ-ਰਹਿਤ ਆਤਮ-ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ|
ਪਰ ਅਸੀਂ, ‘ਹਉਮੈ’ ਦੇ ਭਰਮੇ-ਭੁਲਾਵੇ ਵਿਚ, ਐਨੇ ਗਲਤਾਨ ਤੇ ਗੁਆਚੇ ਹੋਏ ਹਾਂ, ਕਿ ਕੁਦਰਤ ਦੇ ‘ਖੇਲ ਅਖਾੜੇ’ ਦੇ ਅਸਚਰਜ ਬਿਸਮਾਦੀ ‘ਕੌਤਕਾਂ’ (ecstatic wonders) ਨੂੰ ਸਮਝਣ, ਬੁਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਹਾਂ ਅਤੇ ਇਨ੍ਹਾਂ ਦੇ ਦਰਸ਼ਨਾਂ ਨਾਲ-
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ||(ਪੰਨਾ-463)
ਵਾਲੇ ਬਿਸਮਾਦੀ ਅਹਿਲਾਦ ਦੇ ਰਸ, ਰੰਗ ਚਾਉ ਮਾਨਣ ਤੋਂ ਵਾਂਝੇ ਤੇ ਦੂਰ ਜਾ ਰਹੇ ਹਾਂ| ਐਨ ਏਸੇ ਤਰ੍ਹਾਂ, ਆਤਮਿਕ ਜੀਵਨ ਵਾਲੇ, ਅੰਤਰ ਆਤਮੇ ਜੁੜੇ ਹੋਏ, ਇਨਸਾਨੀ ਸਰੂਪ ਵਿਚ-ਇਲਾਹੀ ‘ਫੁੱਲ’, ਗੁਰਮੁਖ ਪਿਆਰੇ, ‘ਤਤ ਜੋਗ ਕਉ ਬੇਤੇ’, ‘ਹਰਿ ਜਨ’, ਭਗਤ, ਸਾਧੂ, ਸੰਤ, ਪਰਉਪਕਾਰੀ, ਬ੍ਰਹਮ ਗਿਆਨੀ, ਮਹਾਂ ਪੁਰਖ, ਖਾਲਸੇ ਸੰਸਾਰ ਉਤੇ ਅਲਿਪਤ ਆਤਮਿਕ ਜੀਵਨ ਬਤੀਤ ਕਰਦੇ ਹੋਏ, “ਪਰਉਪਕਾਰ ਉਮਾਹਾ”, ਦੀ ਪ੍ਰੇਰਨਾ ਤੇ ‘ਹੁਕਮ’ ਅੰਦਰ, ਇਲਾਹੀ ਗੁਣਾਂ ਦਾ ਪ੍ਰਕਾਸ਼ ਤੇ ਪ੍ਰਚਾਰ ਸਹਿਜੇ ਹੀ, ਆਪ ਮੁਹਾਰੇ, ਅਣਜਾਣੇ ਹੀ, ਅਭੋਲ ਹੀ,