ਸਾਡਾ ਬਾਹਰ ਮੁਖੀ ਦਿਮਾਗੀ ‘ਧਰਮ ਪ੍ਰਚਾਰ’ ਭੀ ਅਧੂਰਾ, ਬੇ-ਦਿਲਾ, ਓਪਰਾ ਜਿਹਾ ਹੋ ਰਿਹਾ ਹੈ। ਕਿਉਂਕਿ ਅਸੀਂ ਆਪਣੇ ਸੁਆਰਥੀ ਮਾਇਕੀ ਰੁਝੇਵਿਆਂ ਵਿਚ ਏਨੇ ਗਲਤਾਨ ਤੇ ਖੁਭੇ ਹੋਏ ਹਾਂ ਕਿ ਧਰਮ ਜਾਂ ਧਰਮ ਪ੍ਰਚਾਰ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੀ ਨਹੀਂ ਭਾਸਦੀ ।
ਜਦ ਕਿ ਸਾਰੇ ਧਰਮ ਤੇ ਧਰਮ-ਅਸਥਾਨਾਂ ਵਿਚ ਇਤਨੀ ਗਿਲਾਨੀ (corruption) ਆ ਗਈ ਹੈ ਜਿਵੇਂ ‘ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥’ ਸਾਨੂੰ ਧਰਮ-ਪ੍ਰਚਾਰ ਤੋਂ ਉਚੇਰੀ ‘ਆਤਮਿਕ ਸੇਧ’ ਤੇ ਅਗਵਾਈ ਕਿਥੋਂ ਮਿਲ ਸਕਦੀ ਹੈ?
ਪੱਛਮੀ ਦੇਸ਼ਾਂ ਵਿਚ ਈਸਾਈ ਧਰਮ ਦੇ ਪ੍ਰਚਾਰ ਲਈ ਬੜੇ ਵੱਡੇ ਤੇ ਮਜ਼ਬੂਤ ਸੰਗਠਨ ਬਣੇ ਹੋਏ ਹਨ ਤੇ ਇਨ੍ਹਾਂ ਵਿਚ ਤਨੋ ਮਨੋ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਈਸਾਈ ਮੱਤ, ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲ ਗਿਆ ਹੈ। ਅੰਗਰੇਜ਼ੀ ਤੋਂ ਇਲਾਵਾ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਬਾਈਬਲ (Bible) ਦੇ ਬੇਅੰਤ ਅਨੁਵਾਦ (translation) ਹੋ ਗਏ ਹਨ ਨੂੰ ਇਸ ਤੋਂ ਇਲਾਵਾ ਈਸਾਈ ਮੱਤ ਦੇ ਵਿਕਾਸ ਲਈ ਅਨੇਕਾਂ ਕਿਤਾਬਾਂ, ਪਰਚੇ ਤੇ ਲੇਖ ਲਿਖੇ ਜਾਂਦੇ ਹਨ। ਜੋ ਕਿ ਘਰ ਘਰ ਜਾ ਕੇ, ਹਵਾਈ ਜਹਾਜ਼ਾਂ, ਰੇਲਾਂ, ਬੱਸਾਂ, ਹੋਟਲਾਂ, ਬਾਜ਼ਾਰਾਂ ਅਤੇ ਅੱਡਿਆਂ ਵਿਚ ਮੁਫ਼ਤ ਵੰਡੇ ਜਾਂਦੇ ਹਨ ।
ਉਨ੍ਹਾਂ ਦੇ ਮੁਕਾਬਲੇ ਵਿਚ ਸਾਡੇ ਪ੍ਰਚਾਰ ਦਾ ‘ਉਪਰਾਲਾ’ - ਅਧੂਰਾ, ਬੇਦਿਲਾ, ਓਪਰਾ ਜਿਹਾ ਵਿਖਾਵਾ ਹੀ ਹੈ, ਅਤੇ ਇਹ - ‘ਆਟੇ ਵਿਚ ਲੂਣ’ ਦੇ ਬਰਾਬਰ ਹੈ। ਸਾਡੇ ਪ੍ਰਚਾਰ ਦਾ ਦਾਇਰਾ ਸਿਰਫ਼ ਅਸਾਨੀ ਨਾਲ ਪਹੁੰਚਣ ਵਾਲੇ ਸ਼ਹਿਰਾਂ ਜਾਂ ਕਸਬਿਆਂ ਤਾਂਈ ਸੀਮਤ ਹੈ। ਦੂਰ-ਦੁਰਾਡੇ ਪਿੰਡਾਂ ਵਿਚ ਜਿਥੇ ਪ੍ਰਚਾਰ ਦੀ ਅਤਿਅੰਤ ਲੋੜ ਹੈ, ਅਸੀਂ ਜਾਣ ਦੀ ਖੇਚਲ ਹੀ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਸਾਡੀ ਪੇਂਡੂ ਵਸੋਂ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਗੁਰਬਾਣੀ ਅਤੇ ਗੁਰਸਿਖੀ ਤੋਂ ਦੁਰੇਡੇ ਜਾ ਰਹੀ ਹੈ। ਜਿਸ ਤੋਂ ਦੂਜੇ ਮਤਾਂ ਦੇ ਪ੍ਰਚਾਰਕ ਲਾਭ ਉਠਾ ਕੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਆਪੋ ਅਪਣੇ ਧਰਮ ਵਲ ਪ੍ਰੇਰ ਲੈਂਦੇ ਹਨ। ਇਸ ਅਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਨਾਲ ਬਰੀ ਨਹੀਂ ਹੋ ਸਕਦੇ ।
ਦਿਮਾਗੀ ਪ੍ਰਚਾਰ ਦੇ ਦਰਜੇ ਤੇ ਭੀ, ਅਸੀਂ ਈਸਾਈ ਤੇ ਹੋਰ ਮੱਤਾਂ ਦੇ ਪ੍ਰਚਾਰ ਦੀਆਂ ਪ੍ਰਣਾਲੀਆਂ ਦਾ ਅਧਿਐਨ ਕਰ ਕੇ, ਆਪਣੇ ਪ੍ਰਚਾਰ ਲਈ ਅਗਵਾਈ ਤੇ ਸਹਾਇਤਾ ਲੈ ਸਕਦੇ ਹਾਂ ।
ਜਿਹੜਾ ਮਾੜਾ-ਮੋਟਾ ਵਿਖਾਵੇ ਮਾਤਰ ਧਰਮ ਪ੍ਰਚਾਰ ਹੁੰਦਾ ਹੈ, ਉਸ ਦਾ ਭੀ ਕੋਈ ਜਾਸ ਅਸਰ ਹੁੰਦਾ ਨਹੀਂ ਭਾਸਦਾ, ਕਿਉਂਕਿ ਸਾਡੀ ਧਾਰਮਿਕ ਗਿਲਾਨੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਇਸ ਦਾ ਕਾਰਣ ਇਹ ਹੈ ਕਿ ਅਸੀਂ ਕਥਨੀ-ਬਦਨੀ ਤਾਂ ਕਰਦੇ ਹਾਂ, ਪਰ ਉਸ ਨੂੰ ਆਪਣੇ ਜੀਵਨ ਵਿਚ ਨਹੀਂ ਕਮਾਉਂਦੇ। ਸਾਡੀ ‘ਕਥਨੀ-ਬਦਨੀ’ ਸਿਰਫ਼ ਦਿਮਾਗੀ ‘ਸ਼ੁਗਲ’ ਹੀ ਹੁੰਦਾ ਹੈ, ਜਾਂ ਮਾਇਕੀ ਸੁਆਰਥ ਦੀ ਪੂਰਤੀ ਹੀ ਹੈ। ਇਹੋ ਜਿਹੇ ਪ੍ਰਚਾਰ ਦੇ ਪਿਛੇ, ਅੰਤਰ-ਆਤਮੇ ‘ਨਾਮ’ ਦੀ ਦਾਮਨਿਕ ਸ਼ਕਤੀ ਨਹੀਂ ਹੁੰਦੀ, ਜਿਸ ਕਾਰਣ ਸਰੋਤਿਆਂ ਤੇ ਓਪਰਾ ਜਿਹਾ ਜਾਂ ਉਕਾ ਹੀ ਕੋਈ ਅਸਰ ਨਹੀਂ ਹੁੰਦਾ ।