ਗੰਭੀਰ ‘ਮਾਨਸਿਕ ਰੋਗ’, ਤਾਂ ਮੌਤ ਤੋਂ ਮਗਰੋਂ, ਅੰਤਿਸ਼ਕਰਨ ਦੁਆਰਾ, ਜੀਵ ਦੇ ਨਾਲ ਹੀ ਜਾਂਦੇ ਹਨ, ਜੋ ਸਾਡੇ ਅਗਲੇ ਜਨਮਾਂ ਨੂੰ ਭੀ ‘ਨਰਕਮਈ’ ਬਣਾ ਦਿੰਦੇ ਹਨ।
ਗੰਭੀਰ ਸਰੀਰਕ ਬੀਮਾਰੀਆਂ ਦੇ ਮਰੀਜ਼ਾਂ ਨੂੰ ਕਈ ਗੋਜ਼ਾਂ ਤੋਂ ‘ਐਲਰਜੀ’ (allergy) ਹੁੰਦੀ ਹੈ - ਜਿਸ ਕਾਰਨ ਉਹ ਬੀਮਾਰੀ ਮੁੜ ਜ਼ੋਰਾਂ ਤੇ ਵਾਰ ਕਰਦੀ ਹੈ।
ਇਸੇ ਤਰ੍ਹਾਂ ਸਾਡੀ ਆਪਣੀ ਉਲੀਕੀ ਹੋਈ ‘ਕਾਲੀ ਸੂਚੀ’ (black list) ਵਾਲੇ ਪ੍ਰਾਣੀਆਂ ਵਿਚੋਂ ਕਈ ਐਸੇ ਪ੍ਰਾਣੀ ਹੁੰਦੇ ਹਨ, ਜਿਨ੍ਹਾਂ ਨਾਲ ਸਾਨੂੰ ਅਤਿਅੰਤ ਤੀਬਰ ਅਤੇ ਤੀਖਣ ਘਿਰਨਾਂ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿਚ ਸਾਡੇ ਅੰਦਰ ਇਹਨਾਂ ਲਈ ਇਤਨੀ ਤੀਖਣ ਐਲਰਜੀ (allergy) ਹੋ ਜਾਂਦੀ ਹੈ ਕਿ ਇਹਨਾਂ ਦੀ ਯਾਦ ਆਉਣ ਨਾਲ, ਯਾ ਇਹਨਾਂ ਦਾ ਨਾਉ ਸੁਣ ਕੇ ਹੀ ਸਾਨੂੰ ‘ਸਣ-ਕਪੜੀ ਅੱਗ ਲਗ ਜਾਂਦੀ’ ਹੈ ਅਤੇ ਸਾਡੇ ਅੰਦਰ ਘਿਰਨਾ, ਕ੍ਰੋਧ ਅਤੇ ‘ਬਦਲੇ ਦੇ ਬੰਬ’ (bomb) ਫੁੱਟ ਪੈਂਦੇ ਹਨ, ਜਿਨ੍ਹਾਂ ਦੇ ਜ਼ਹਿਰੀਲੇ ਭਾਂਬੜ ਵਿਚ ਅਸੀਂ ਕਿੰਨਾ ਚਿਰ ਹੀ ਸੜਦੇ, ਬਲਦੇ ਅਤੇ ‘ਸੁਲਘਦੇ’ ਰਹਿੰਦੇ ਹਾਂ। ਜਦ ਕਿਤੇ ਮਨ ਸ਼ਾਂਤ ਹੁੰਦਾ ਹੈ ਤਾਂ ਫੇਰ ਕਿਸੇ ਮਾੜੀ ਜਿਹੀ ਉਕਸਾਹਟ ਤੋਂ ਕੋਈ ਹੋਰ ‘ਐਲਰਜੀ’ (allergy) ਦਾ ਬੰਬ (bomb) ਫੁੱਟ ਪੈਂਦਾ ਹੇ।