ਮੈਂ ਮੰਤਰ ਰਟਨ ਕਰਦੇ ਕਈ ਲੋਕ, ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ, ਤਾਂ ਤੇ ਫੋਕਾ ਤੇ ਜੋਤੋਂ ਟੁੱਟਵਾਂ ਰਟਨ, ਸਿਮਰਨ ਨਹੀਂ ਹੈ| ਇਹ ਸਿਮਰਨ ਨਹੀਂ ਕਰਦੇ, ਕੇਵਲ ਰੀਸ ਕਰਦੇ ਹਨ| ਸਿਮਰਨ ਤਾਂ ਸਤਿਗੁਰ ਨਾਨਕ ਜੀ ਦਾ ਬਾਣੀ ਰੂਪ ਹੈ| ਸਿਮਰਨ ਜੋ ਕਰਦਾ ਹੈ, ਉਹ ਸਤਿਗੁਰਾਂ ਦੇ ‘ਰੂਪ’ ਵਿਚ ਜੀਂਵਦਾ ਹੈ| ਤੇ ਹਾਂ ਜੀ! ਇਹ ਜੀਵਨ ਖਮੀਰ ਦੇ ਅਸੂਲਾਂ ਤੇ ਹੁੰਦਾ ਹੈ, ਤੇ ਪਲਦਾ ਹੈ| ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ‘ਟੋਟਾ’ ਜੇ ਲੱਭੇ ਉਸ ਦਾ ਖਮੀਰ ਸਾਨੂੰ ਲੱਗੇ, ਤਾਂ ਸਾਡੇ ਅੰਦਰ ਦਮ-ਬਦਮ ‘ਨਾਮ’, ਜਾਰੀ ਹੋ ਜਾਂਦਾ ਹੈ| ਤਦ ਸਾਡਾ ਜੀਵਨ ‘ਸਿਮਰਨ ਵਾਲਾ ਜੀਵਨ’ ਬਣ ਸਕਦਾ ਹੈ|
ਅੱਠੇ ਪਹਿਰੀ ਨਾਮ ਦਾ ਜਾਰੀ ਰਹਿਣਾ, ਉਹ ਲਗਾਤਾਰਤਾ ਹੈ, ਜਿਸ ਦੀ ਚਾਹ ਐਮਰਸਨ (Amerson) ਨੇ ਪ੍ਰਗਟ ਕੀਤੀ ਸੀ| ਐਮਰਸਨ ਲਗਾਤਾਰਤਾ ਨੂੰ ਲੱਭਦਾ| ਪਤਾ ਨਹੀਂ, ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਨਹੀਂ ਸਕਦੀ| ਸਤਿਗੁਰਾਂ ਦੇ ਮਾਰਗ ਵਿਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਨਹੀਂ ਬਲ ਸਕਦੀ| ਸਿਮਰਨ ਦਾ ਜੀਵਨ, ਉਤਲਿਆਂ ਨਾਲ ਦਮਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ, ਤਾਂ ਹਾਂ ਜੀ! ਇਸ ਜੀਵਨ ਦਾ ਲਗਾਤਾਰ ਰਹਿਣਾ, ਇਹ ਸਤਿਗੁਰਾਂ ਦੇ ਅੱਟਲ ਤੇ ਰੱਬੀ ‘ਬਿਰਦ’ ਦੇ ਨੇਮ ਦੀ ਪਾਲਣਾ ਹੈ|
ਸਿਮਰਨ ਦੇ ਜੀਵਨ ਉਤੇ, ਫਰਿਸ਼ਤਿਆਂ, ਤੇ ਦੇਵੀ ਦੇਵਤਿਆਂ ਦਾ ਪਹਿਰਾ ਹੌਂਵਦਾ ਹੈ| ਸਤਿਗੁਰੂ ਦੇ ਘਰ ਦੀ ਮਹਿਮਾ, ਸਿਮਰਨ ਨਾਲ ਆਰੰਭ ਹੋ ਗਈ| ਰੂਹ ਧੰਨ ਗੁਰੂ, ਧੰਨ ਗੁਰੂ ਦਾ ਗੀਤ ਗਾਂਵਦੀ, ਮਿੱਟੀ, ਹੱਡੀ, ਮਾਸ ਦੀਆਂ ਦੀਵਾਰਾਂ ਥੀਂ ਬਾਹਰ ਨਿਕਲ ਖਲੋਂਦੀ|