‘ਭਜੁ ਕੇਵਲ ਨਾਮ’ ਵਿਚ ਲਫ਼ਜ਼ ‘ਕੇਵਲ’ ਮਹੱਤਵਪੂਰਨ (important) ਹੈ। ਇਸ ਦਾ ਮਤਲਬ ਕਿ ‘ਨਾਮ ਜਪਣਾ’ ਸਾਡੇ ਜੀਵਨ ਦਾ ਨਿਰੋਲ ਤੇ ਇਕੋ-ਇਕ ਰੁਝੇਵਾਂ (Exclusive Business) ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਭੀ ਦੁਨੀਆਂ ਦੇ ਰੁਝੇਵੇਂ ਹਨ, “ਅਵਰਿ ਕਾਜ ਤੇਰੈ ਕਿਤੈ ਨ ਕਾਮ” ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ।
ਸਾਡੇ ਹਿਰਦੇ ਵਿਚ ਕੋਈ ਕੇਂਦਰੀ ਨੁਕਤਾ ਯਾ ਨਿਸਚਾ (central conception) ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ-ਮੁਹਾਰੇ ਘੁੰਮਦਾ (revolve) ਰਹਿੰਦਾ ਹੈ। ਉਸ ਨੁਕਤੇ ਯਾ ‘ਆਚਾਰ’ ਦੀ ਰੰਗਤ ਸਾਡੀ ਹਰ ਕ੍ਰਿਆ ਯਾਨਿ - ਤੱਕਣੀ, ਸੋਚਣੀ, ਬੋਲੀ ਆਦਿ ਵਿਚ ਫੁੱਟ-ਫੁੱਟ ਕੇ ਅਵੱਸ਼ ਹੀ ਪ੍ਰਗਟ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿਚ ਸਾਡੇ ਜੀਵਨ ਦੇ ਹਰ ਪਹਿਲੂ ਵਿਚ ਸਾਡੇ ਆਚਰਨ ਦੀ ਝਲਕ ਦਾ ਬੋਲਬਾਲਾ (predominate) ਯਾ ਪਹਿਲ (Priority) ਹੁੰਦੀ ਹੈ ਤੇ ਬਾਕੀ ਸਾਰੇ ਖਿਆਲ ਯਾ ਕਰਮ ਇਸੇ ਝਲਕ ਨਾਲ ਰੰਗੇ ਹੁੰਦੇ ਹਨ ਤੇ ਪਿਛ-ਲੱਗੂ (secondary) ਦਾ ਦਰਜਾ ਰਖਦੇ ਹਨ।
ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿਚ ਸਾਡਾ ਜੀਵਨ ਢਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ‘ਨਾਮ’ ਹੋ ਜਾਂਦਾ ਹੈ ਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ, ਸੋਚਣੀ, ਆਦਤ ਅਤੇ ‘ਆਚਾਰ’ ਵਿਚ ਝਲਕ ਮਾਰਦੀ ਹੈ। ਇਸ ਹਾਲਤ ਵਿਚ ‘ਨਾਮ ਰੰਗਣ’ ਹੀ ਸਾਡੇ ਜੀਵਨ ਦਾ ਆਧਾਰ ਤੇ ਪਹਿਲ ਬਣ ਜਾਂਦੇ ਹਨ, ਤੇ ਬਾਕੀ ਸਾਰੇ ਖਿਆਲ ‘ਨਾਮ’ ਦੇ ਦੁਆਲੇ ਘੁੰਮਦੇ ਹਨ।
ਇਸ ਤਰ੍ਹਾਂ ‘ਨਾਮ ਸਿਮਰਨ’ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਅਤੇ ‘ਕੇਵਲ ਕ੍ਰਿਆ’ ਬਣ ਜਾਂਦਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿਚ ਵਿਚਰਦਿਆਂ ਹੋਇਆਂ ਅਸੀਂ ਅਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ-ਆਪਣੇ ਕੰਮ (duty) ਕਰਨੇ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ‘ਨਾਮ ਸਿਮਰਨ’ ਨੂੰ ਪਹਿਲ ਦੇਣੀ ਹੈ ਤੇ ਬਾਕੀ ਸਾਰੇ ਕੰਮ ‘ਨਾਮ ਦੀ ਰੰਗਣ’ ਵਿਚ ਕਰਨੇ ਹਨ।