ਬਾਊ ਜੀ ‘ਖੋਜੀ’ ਦੀਆਂ ਰਚਨਾਵਾਂ ਅਥਵਾ ਗੁਰਬਾਣੀ ਵਿਚਾਰੁ ਦੇ ਲੇਖਾਂ ਵਿਚੋਂ ਇੱਕ ਨਮੂਨਾ-ਮਾਤਰ ਟੂਕ ਹੇਠਾਂ ਦਿੱਤੀ ਜਾਂਦੀ ਹੈ :
--O--
ਗੁਰਬਾਣੀ ਵਿਚਾਰ-ਲੇਖ ਨੰ: 1 ‘ਗੁਰਬਾਣੀ ਅਨੁਭਵ’ ਵਿਚੋਂ :-
ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ‘ਧੁਰ ਕੀ ਬਾਣੀ’ ਸਾਡੀ ਆਪਣੀ ਠੁੱਲੀ, ਸਿੱਧੀ ਸਾਦੀ, ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ, ਅਤੇ ਸਤਿਗੁਰਾਂ ਨੇ ਅਮਿਤ ਬਖਸ਼ਿਸ਼ ਦੁਆਰਾ ਇਸ ‘ਬਾਣੀ’ ਨੂੰ ਸਦਾ ਲਈ ਸਾਰੇ ਜੱਗ ਨੂੰ ਚਾਨਣ ਦੇਣ ਲਈ ‘ਗੁਰੂ ਗਰੰਥ ਸਾਹਿਬ’ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ।
ਇਹ ਅਨਹਦ ਬਾਣੀ ਦੇਸ਼, ਕਾਲ, ਮਜ਼ਹਬ ਯਾ ਧਰਮ ਵਿੱਚ ‘ਸੀਮਿਤ’ ਨਹੀਂ ਹੋ ਸਕਦੀ। ਇਸ ਬਾਣੀ ਦਾ ‘ਸਰਬੱਗ’ ਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਥਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਤੇ ਕਈ ਮੱਤਾਂ, ਦੇਸ਼ਾਂ ਦੇ ਵੱਖਰੇ-ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ, ਸੰਤਾਂ, ਮਹਾਪੁਰਖਾਂ ਦੀ ‘ਬਾਣੀ’ ਵੀ ਸ਼ਾਮਿਲ ਹੈ, ਜਿਹੜੀ ਇਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ-ਭਿੰਨ ਬੋਲੀਆਂ, ਦੇਸ਼ਾਂ ਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ ਹੈ।..........
ਇਹ ਕਹਿਣਾ ਗਲਤ ਹੈ ਕਿ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ, ਸਿਰਫ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ‘ਚਾਨਣ-ਮੁਨਾਰਾਂ’ ਹੈ।
ਇਸ ਲਈ ਇਹ ਗੁਰਬਾਣੀ ਸਾਡੀ ਸਿੱਖਾਂ ਦੀ ਵਿਰਾਸਤ ਹੀ ਨਹੀਂ, ਬਲਕਿ ਅਮਾਨਤ ਭੀ ਹੈ, ਜਿਸਦੇ ਅਨੁਭਵੀ ਆਤਮਿਕ ‘ਤੱਤ ਗਿਆਨ’ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ-ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁਖ ‘ਫਰਜ਼’ ਬਣਦਾ ਹੈ।
ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੋਲਿਕ ਆਤਮਿਕ ‘ਖਜ਼ਾਨੇ’ ਦੀ ‘ਵਿਰਾਸਤ’ ਤੋਂ ਅਸੀਂ ਆਪ ਭੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ।