(ਅਧਿਆਤਮਿਕ ਪੱਖ)
ਨਹਿਰ ਦੇ ਵਿਚਕਾਰ ਪਾਣੀ ਦਾ ਵਹਾਉ ਸਹਿਜੇ ਹੀ ਆਪਣੇ ਵੇਗ ਵਿਚ ਰੁੜ੍ਹੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀਂ ਪਾਸੀਂ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ-ਘੇਰ (whirl pool) ਵਿਚ ਫਸ ਜਾਂਦਾ ਹੈ| ਵਿਚਕਾਰਲੀ ਧਾਰਾ ਨਾਲੋਂ ਅੱਡ ਹੋ ਕੇ, ਓਥੇ ਹੀ ਘੁੰਮਦਾ ਰਹਿੰਦਾ ਹੈ| ਜੇ ਕੋਈ ਕੱਖ-ਕਾਨਾ ਇਸ ਘੁੰਮਣ-ਘੇਰ ਵਿਚ ਫਸ ਜਾਵੇ, ਤਾਂ ਉਹ ਭੀ ਓਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ| ਜੇ ਕੋਈ ਬੰਦਾ ਇਸ ਕੱਖ-ਕਾਨੇ ਨੂੰ ਟੁੰਬ ਕੇ, ਸਹੀ ਸੇਧ ਦੇ ਕੇ, ਪਾਣੀ ਦੀ ਧਾਰਾ ਵੱਲ ਮੋੜ ਦੇਵੇ, ਤਾਂ ਉਹ ਫੇਰ ਪਾਣੀ ਦੇ ਵਹਾਉ ਵਿਚ ਰੁੜ੍ਹਨ ਲਗ ਪੈਂਦਾ ਹੈ|
ਐਨ ਏਸੇ ਤਰ੍ਹਾਂ, ‘ਜੀਵ’ ਹਉਮੈਂ ਦੇ ਭਰਮ-ਭੁਲਾਵੇ ਜਾਂ ਸਿਆਣਪ ਦੁਆਰਾ, ਇਲਾਹੀ ‘ਹੁਕਮ’ ਦੀ ‘ਜੀਵਨ-ਰੌਂ’ ਵਿਚੋਂ ਨਿਕਲ ਜਾਂਦਾ ਹੈ, ਤੇ ਮਾਇਕੀ ਜੀਵਨ ਦੇ ‘ਘੁੰਮਣ-ਘੇਰ’, ‘ਆਵਾ-ਗਵਨ’ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ|
ਅਕਾਲ ਪੁਰਖ ਦੀ ਸ਼ਕਤੀਮਾਨ ‘ਜੀਵਨ-ਰੌਂ’ ਜਾਂ ‘ਹੁਕਮੁ’ ਤੋਂ ਬੇਸੁਰਾ ਹੋ ਕੇ, ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ-ਘੇਰ ਵਿਚੋਂ ਨਿਕਲਣਾ ਅਸੰਭਵ ਹੈ|
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ||(ਪੰਨਾ-857)