ਰੇਡੀਓ (Radio) ਵਿਚ ਦਸਿਆ ਜਾਂਦਾ ਹੈ ਕਿ ਚੰਗੀ ਫਸਲ ਲੈਣ ਲਈ : -
1. ਅਰੋਗ ਅਤੇ ਨਰੋਏ ਬੀਜ (ਅਨੁਭਵੀ ਗਿਆਨ ਜਾਂ ‘ਨਾਮ’)
2. ਕਮਾਈ ਹੋਈ ਜ਼ਮੀਨ (ਮਨ)
3. ਚੰਗਾ ਢੁਕਵਾਂ ਪਾਣੀ (ਸਤਸੰਗ)
4. ਬੀਮਾਰੀਆਂ ਤੋਂ ਬਚਾਓ (ਭੈੜੀ ਸੰਗਤ)
5. ਢੁਕਵਾਂ ਰੇਹੁ (ਸ਼ਰਧਾ-ਭਾਵਨੀ)
6. ਮਿਹਨਤ (ਨਾਮ ਅਭਿਆਸ ਕਮਾਈ)
ਦੀ ਲੋੜ ਹੈ ।
ਐਨ ਇਹ ਨੁਸਖਾ (formula) ਸਾਡੇ ਧਰਮ ਤੇ ਵੀ ਢੁਕਦਾ ਹੈ। ਜੁਗਾਂ ਜੁਗਾਂਤਰਾਂ ਤੋਂ ਗੁਰੂਆਂ, ਅਵਤਾਰਾਂ, ਪੈਗੰਬਰਾਂ ਰਾਹੀਂ, ਜੀਵਾਂ ਦੇ ਕਲਿਆਣ ਲਈ, ‘ਅਨੁਭਵੀ’ ਗਿਆਨ ਰੂਪ ‘ਬੀਜ’ ਪ੍ਰਦਾਨ ਹੁੰਦਾ ਰਿਹਾ ਹੈ। ਪਰ ਸਾਡੇ ਅੰਤਿਸ਼ਕਰਨ ਤੇ ਮਨ ਦੀ ਭੁਇ ਮੈਲੀ ਤੇ ‘ਰੋਗੀ’ ਹੋਣ ਕਾਰਣ ਸਾਡੇ ਅੰਦਰ ‘ਧਰਮ’ ‘ਪ੍ਰਫੁਲਤ’ ਨਹੀਂ ਹੋ ਸਕਿਆ, ਕਿਉਂਕਿ ਸਾਡੇ ਰੋਗੀ ਬੀਜ, ਰੋਗੀ ਜ਼ਮੀਨ, ਹਾਨੀਕਾਰਕ ਪਾਣੀ, ਰੋਗੀ ‘ਮਾਹੌਲ’ ਵਿਚ ਗਲਤ ‘ਰੇਹੁ’ ਨਾਲ ਪਲਿਆ ਹੋਇਆ, ‘ਧਰਮ’ ਦਾ ‘ਬੂਟਾ’ ਕਿਸ ਤਰ੍ਹਾਂ ਪ੍ਰਫੁਲਤ ਹੋ ਸਕਦਾ ਹੈ?
ਉਸ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਹੋ ਸਕਦੀ ਹੈ? ਐਸੇ ‘ਬੂਟੇ’ ਨੂੰ ਜੋ ‘ਫੱਲ’ ਲਗਦਾ ਹੈ, ਉਹ ਭੀ ‘ਰੋਗੀ’ ਹੁੰਦਾ ਹੈ ਤੇ ਅਗੋਂ ਹੋਰ ‘ਰੋਗੀ ਅੰਸ਼’ ਵਧਾਉਣ ਦਾ ਕਾਰਣ ਬਣਦਾ ਹੈ। ਇਸੇ ਤਰ੍ਹਾਂ ‘ਰੋਗੀ’ ਧਰਮ ਦੇ ‘ਮਾਹੌਲ’ ਵਿਚ ਜੰਮੇ-ਪਲੇ, ਪੜ੍ਹੇ-ਪੜ੍ਹਾਏ, ਧਰਮ-ਪ੍ਰਚਾਰਕ, ਲੋਕਾਈ ਨੂੰ ਕਿਸ ਤਰ੍ਹਾਂ ਸਹੀ, ਉਚੀ-ਸੁੱਚੀ, ਮਾਨਸਿਕ, ਧਾਰਮਿਕ ਤੇ ਆਤਮਿਕ ‘ਜੀਵਨ-ਸੇਧ’ ਦੇ ਸਕਦੇ ਹਨ?